ਸ਼ਰਧਾਪੂਰਵਕ ਸੰਪੰਨ ਹੋਇਆ ਮਸਤੁਆਣਾ ਸਾਹਿਬ ਦਾ ਤਿੰਨ ਰੋਜਾ ਜੋੜ ਮੇਲਾ
ਸ਼ਰਧਾਪੂਰਵਕ ਸੰਪੰਨ ਹੋਇਆ ਮਸਤੁਆਣਾ ਸਾਹਿਬ ਦਾ ਤਿੰਨ ਰੋਜਾ ਜੋੜ ਮੇਲਾ
Publish Date: Sun, 01 Feb 2026 04:59 PM (IST)
Updated Date: Mon, 02 Feb 2026 04:07 AM (IST)

ਦੋ ਲੱਖ ਸੰਗਤ ਨੇ ਨਿਵਾਇਆ ਸੀਸ, ਰਾਗੀ ਜਥਿਆਂ ਨੇ ਗੁਰਬਾਣੀ ਸੁਣਾ ਕੀਤਾ ਨਿਹਾਲ, ਢਾਡੀ ਜਥਿਆਂ ਨੇ ਵਾਰਾਂ ਨਾਲ ਭਰਿਆ ਜੋਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸੰਤ ਬਾਬਾ ਅਤਰ ਸਿੰਘ ਜੀ ਮਸਤੁਆਣਾ ਸਾਹਿਬ ਵਾਲਿਆਂ ਦੀ 99ਵੀਂ ਬਰਸੀ ਮੌਕੇ ਗੁਰਦੁਆਰਾ ਗੁਰਸਾਗਰ ਮਸਤੁਆਣਾ ਸਾਹਿਬ ਵਿਚ ਲੱਗਿਆ ਤਿੰਨ ਦਿਨਾਂ ਜੋੜ ਮੇਲਾ ਐਤਵਾਰ ਨੂੰ ਸਮਾਪਤ ਹੋ ਗਿਆ। ਮੇਲੇ ਦੇ ਇਨ੍ਹਾਂ ਤਿੰਨ ਦਿਨਾਂ ਦੌਰਾਨ ਦੂਰ ਦੁਰਾਡਿਓ ਕਰੀਬ ਡੇਢ ਲੱਖ ਸੰਗਤ ਨੇ ਆਪਣਾ ਸੀਸ ਗੁਰੂਘਰ ’ਚ ਨਿਵਾਇਆ। ਐਤਵਾਰ ਦੀ ਸਵੇਰੇ 2 ਵਜੇ ਗੁਰਦੁਆਰਾ ਅੰਗੀਠਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਗੁਰਦੁਆਰਾ ਸੰਤ ਅਤਰ ਸਿੰਘ ਜੀ ਦੇ ਅੰਤਿਮ ਸੰਸਕਾਰ ਨਾਲ ਸਬੰਧਿਤ ਹੈ। ਸੰਗਤ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਪਿਤ ਕੀਤੀ ਗਈ। ਗੁਰਦੁਆਰਾ ਅੰਗੀਠਾ ਸਾਹਿਬ, ਗੁਰਸਾਗਰ ਮਸਤੁਆਨਾ ਸਾਹਿਬ ਤੇ ਮਾਤਾ ਭੋਲੀ ਕੌਰ ਜੀ ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਕੀਰਤਨ ਹੋਇਆ। ਪਹਿਲੇ ਦਿਨ ਸਵੇਰੇ 4 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ, ਜਦਕਿ ਰਾਤ 7 ਤੋਂ ਸਾਢੇ 10 ਵਜੇ ਤੱਕ ਦੀਵਾਨ ਸਜਾਇਆ ਗਿਆ। ਆਖਰੀ ਦਿਨ ਸਵੇਰੇ 2 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮੇਲੇ ਦੇ ਅੰਤਿਮ ਦਿਨ ਐਤਵਾਰ ਦੀ ਛੁੱਟੀ ਹੋਣ ਕਾਰਨ ਵੱਡੀ ਗਿਣਤੀ ਵਿਚ ਸੰਗਤ ਮੇਲੇ ਵਿਚ ਪੁੱਜੀ। ਹਰ ਦੁਕਾਨ, ਲੰਗਰ ਤੇ ਮੈਦਾਨ ਵਿਚ ਸੰਗਤ ਦੀ ਭੀੜ ਲੱਗੀ ਰਹੀ। ਸੰਗਤ ਵੱਲੋਂ ਲੰਗਰ ਹਾਲ ਵਿਚ ਦਾਲ-ਰੋਟੀ ਬਣਾਉਣ, ਵਰਤਾਉਣ, ਸਫ਼ਾਈ, ਸਬਜ਼ੀ ਕੱਟਣ ਅਤੇ ਬਰਤਨ ਧੋਣ ਦੀ ਸੇਵਾ ਨਿਭਾਈ ਗਈ। ਧਾਰਮਿਕ ਦੀਵਾਨ ਸਜੇ, ਗਤਕਾ ਪ੍ਰਦਰਸ਼ਨ ਹੋਇਆ 30 ਜਨਵਰੀ ਨੂੰ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਢਾਡੀ ਮੁਕਾਬਲੇ ਕਰਵਾਏ ਗਏ, ਜਦਕਿ ਰਾਤ 8 ਤੋਂ 10 ਵਜੇ ਤੱਕ ਗਤਕਾ ਪ੍ਰਦਰਸ਼ਨ ਹੋਇਆ। 31 ਜਨਵਰੀ ਨੂੰ ਸੰਤ ਬਾਬਾ ਜਗਜੀਤ ਸਿੰਘ ਅਤੇ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਵੱਲੋਂ ਸ਼ਾਮ 7 ਤੋਂ ਰਾਤ 1 ਵਜੇ ਤੱਕ ਕੀਰਤਨ ਕੀਤਾ ਗਿਆ। ਰੈਣ ਕੀਰਤਨ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਚਲਿਆ। 1 ਫ਼ਰਵਰੀ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਸਵੇਰੇ 5 ਤੋਂ 7 ਵਜੇ ਤੱਕ ਕੀਰਤਨ ਕੀਤਾ ਗਿਆ। ਧਾਰਮਿਕ ਸਮਾਗਮਾਂ ਦੌਰਾਨ ਕਈ ਮੁਕਾਬਲੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ, ਮੋਗਾ, ਚੀਮਾ, ਭਵਾਨੀਗੜ੍ਹ ਆਦਿ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਸੰਗਤ ਨੇ ਦਰਸ਼ਨ ਕੀਤੇ। ਤਿੰਨ ਦਿਨ ਰੋਜ਼ਾਨਾ ਕਰੀਬ 50 ਹਜ਼ਾਰ ਤੋਂ ਵੱਧ ਸੰਗਤ ਪੁੱਜਦੀ ਰਹੀ। ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਲੰਗਰ, ਦਵਾਈਆਂ, ਪਾਰਕਿੰਗ ਅਤੇ ਆਰਾਮ ਘਰਾਂ ਦੇ ਪ੍ਰਬੰਧ ਕੀਤੇ ਗਏ। ਸਮਾਗਮ ਦੌਰਾਨ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਸਿਖਲਾਈ ਕੈਂਪ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ। 50 ਤੋਂ ਵੱਧ ਲੰਗਰ ਚੱਲੇ ਤਿੰਨ ਦਿਨਾਂ ਤੱਕ ਮਸਤੁਆਣਾ ਸਮੂਹ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਅਤੁੱਟ ਲੰਗਰ ਚਲਾਏ ਗਏ। ਸੰਗਰੂਰ, ਪੁਲਿਸ ਲਾਈਨ, ਗਊਸ਼ਾਲਾ, ਓਵਰਬ੍ਰਿਜ਼ ਬੜਰੁੱਖਾਂ, ਬਹਾਦਰਪੁਰ, ਬਡਰੁੱਖਾਂ, ਭੰਮਾਬੱਦੀ, ਕਾਂਝਲਾ, ਲਿੱਦੜਾ, ਚੰਗਾਲ, ਪੇਧਨੀ, ਪੁੰਨਾਵਾਲ, ਹਰੇੜੀ, ਤੁੰਗਾਂ, ਉਪਲੀ, ਚੱਠੇ, ਲਖਮੀਰਵਾਲਾ, ਢੱਡੋਗਲ, ਬਾਲੀਆਂ, ਭੈਣੀ ਅਤੇ ਉਭਾਵਾਲ ਆਦਿ ਪਿੰਡਾਂ ਦੇ ਲੰਗਰਾਂ ਵਿੱਚ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਦੇਸੀ ਘਿਉ ਦੀ ਪੰਜੀਰੀ, ਦਹੀਂ ਪਰਾਂਠੇ, ਚਾਹ-ਪਕੌੜੇ ਅਤੇ ਜਲੇਬੀਆਂ ਵਰਤਾਈਆਂ ਗਈਆਂ।