ਚਰਸ, ਨਸ਼ੀਲੀਆਂ ਗੋਲੀਆਂ, ਚਿੱਟੇ ਸਮੇਤ ਤਿੰਨ ਕਾਬੂ
ਚਰਸ, ਨਸ਼ੀਲੀਆਂ ਗੋਲੀਆਂ, ਚਿੱਟੇ ਸਮੇਤ ਤਿੰਨ ਕਾਬੂ
Publish Date: Fri, 20 Mar 2026 03:51 PM (IST)
Updated Date: Sat, 21 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ, ਮੂਨਕ ਤੇ ਛਾਜਲੀ ਦੀ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਰਾਹੀਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲ਼ੀਆਂ, ਚਰਸ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਥਾਣਾ ਲਹਿਰਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਲਵਦੀਪ ਸਿੰਘ ਪੀਬੀਆਈ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਸਬੰਧੀ ਪਿੰਡ ਲੇਹਲ ਖੁਰਦ ਮੌਜੂਦ ਸਨ, ਉਸ ਸਮੇਂ ਇਤਲਾਹ ਮਿਲੀ ਕਿ ਲਾਲ ਚੰਦ ਓਰਫ ਮੰਗੂ ਵਾਸੀ ਭੁਟਾਲ ਕਲਾਂ, ਚਰਸ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਅਕਾਲ ਸਹਾਇ ਅਕੈਡਮੀ ਕੋਲੇ ਡਰੇਨ ਪੁਲ ਦੇ ਕੋਲ ਖੜ੍ਹਾ ਚਰਸ ਵੇਚਣ ਲਈ ਗਾਹਕਾਂ ਦੀ ਉਡੀਕ ਵਿਚ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਇਸ ਦੇ ਚਲਦਿਆਂ ਲਾਲ ਚੰਦ ਉਰਫ ਮੰਗੂ ਨੂੰ ਕਾਬੂ ਕਰ ਕੇ ਉਸ ਕੋਲੋਂ 144 ਗ੍ਰਾਮ ਚਰਸ ਬਰਾਮਦ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮੂਨਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਤਰਸੇਮ ਲਾਲ ਨੇ ਮਿੱਠੂ ਸਿੰਘ ਉਰਫ ਮੱਖਣ ਵਾਸੀ ਮੂਨਕ ਖ਼ਿਲਾਫ਼ ਪਰਚਾ ਦਰਜ ਕਰਵਾਇਆ। ਗਸ਼ਤ ਦੌਰਾਨ ਪੁਲਿਸ ਪਾਰਟੀ ਨੂੰ ਅਨਾਜ ਮੰਡੀ ਵਿਖੇ ਉਕਤ ਦੋਸ਼ੀ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਲਿਫਾਫਾ ਸੁੱਟ ਦਿੱਤਾ। ਚੈੱਕ ਕਰਨ ਉੱਤੇ ਉਸ ਵਿੱਚੋਂ 33 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਦੋਸ਼ੀ ਨੂੰ ਮੌਕੇ ’ਤੇ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਛਾਜਲੀ ਦੀ ਪੁਲਿਸ ਨਾਲ ਸਬੰਧਿਤ ਹੌਲਦਾਰ ਲਵਪ੍ਰੀਤ ਸਿੰਘ ਚੌਂਕੀ ਮਹਿਲਾਂ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸਬੰਧੀ ਪਿੰਡ ਮਹਿਲਾਂ ਤੋਂ ਮੌੜਾਂ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਮੌੜਾਂ ਕੋਲ ਪਹੁੰਚੀ ਤਾਂ ਸ਼ਾਮ ਛੇ ਵਜੇ ਦੇ ਕਰੀਬ ਇੱਕ ਵਿਅਕਤੀ ਸੜਕ ਦੇ ਖੱਬੇ ਪਾਸੇ ਕੱਚੇ ਪਹੇ ਤੇ ਇਕ ਵਿਅਕਤੀ ਖੜਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਗਿਆ ਅਤੇ ਆਪਣੀ ਲੋਰ ਦੀ ਜੇਬ ਵਿੱਚੋਂ ਵਜਨਦਾਰ ਲਿਫਾਫੀ ਕੱਢ ਕੇ ਪਹੇ ਦੀ ਕੱਚੀ ਜਗ੍ਹਾ ਤੇ ਸੁੱਟ ਦਿੱਤੀ ਤੇ ਪਿੱਛੇ ਮੁੜਨ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪੱਤਾ ਪੁੱਛਣ ਤੇ ਜਗਤਾਰ ਸਿੰਘ ਓਰਫ ਕਾਲਾ ਵਾਸੀ ਮਾਨਾ ਪੱਤੀ ਪਿੰਡ ਖੇਤਲਾ ਦੱਸਿਆ। ਜਦੋਂ ਲਿਫਾਫੀ ਚੈੱਕ ਕੀਤੀ ਤਾਂ ਉਸ ਵਿੱਚੋਂ ਸੱਤ ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ।