48 ਬੋਤਲਾਂ ਸ਼ਰਾਬ ਤੇ 15 ਗ੍ਰਾਮ ਚਿੱਟੇ ਸਣੇ ਤਿੰਨ ਗ੍ਰਿਫਤਾਰ
48 ਬੋਤਲਾਂ ਸ਼ਰਾਬ ਤੇ 15 ਗ੍ਰਾਮ ਚਿੱਟੇ ਸਣੇ ਤਿੰਨ ਗ੍ਰਿਫਤਾਰ
Publish Date: Wed, 22 Apr 2026 03:31 PM (IST)
Updated Date: Thu, 23 Apr 2026 04:01 AM (IST)

ਨਸ਼ੇ ਦੀ ਹਾਲਤ ’ਚ ਚਾਰ ਕਾਬੂ, ਡੋਪ ਪਾਜ਼ੇਟਿਵ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 48 ਬੋਤਲਾਂ ਸ਼ਰਾਬ ਅਤੇ 15 ਗ੍ਰਾਮ ਚਿੱਟੇ ਸਮੇਤ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਸੰਗਰੂਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਉੱਭਾਵਾਲ ਰੋਡ ਸੰਗਰੂਰ ਤੋ ਸੂਏ ਨਾਲ ਜਾਂਦੀ ਸੜਕ ਤੇ ਬਰਨਾਲਾ ਰੋਡ ਵੱਲ ਜਾ ਰਹੇ ਸਨ। ਇਸੇ ਦੌਰਾਨ ਤਿੰਨ ਸੌ ਮੀਟਰ ਖਤਾਨਾਂ ’ਚ ਬਣੀਆਂ ਹੋਈਆਂ ਹੋਦੀਆਂ ਕੋਲ ਬੈਠੀ ਇੱਕ ਔਰਤ ਵਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਈ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀ। ਪੁਲਿਸ ਨੇ ਸ਼ੱਕ ਪੈਣ ਤੇ ਉਸ ਕੋਲੋ ਪੁੱਛਗਿੱਛ ਕੀਤੀ। ਉਸਨੇ ਆਪਣਾ ਨਾਮ ਰਾਣੀ ਨਿਵਾਸੀ ਸੰਗਰੂਰ ਦੱਸਿਆ। ਉਸ ਕੋਲੋ ਪਲਾਸਟਿਕ ਦੀ ਕੈਨੀ ਵਿੱਚੋ 48 ਬੋਤਲਾਂ ਸ਼ਰਾਬ ਦੇਸੀ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕਰ ਕੇ ਥਾਣਾ ਸਿਟੀ-1 ਵਿੱਚ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਸਵਰਨ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਅੰਡਰਬ੍ਰਿਜ ਸਟੇਡੀਅਮ ਰੋਡ ਸੁਨਾਮ ਤੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਗੁਪ ਸੂਚਨਾ ਮਿਲੀ ਕਿ ਰਾਜੂ ਸਿੰਘ ਨਿਵਾਸੀ ਸੁਨਾਮ ਹੈਰੋਈਨ (ਚਿੱਟਾ) ਵੇਚਣ ਦਾ ਆਦੀ ਹੈ। ਜਦਕਿ ਉਸਦਾ ਸਾਥੀ ਬਲਜੀਤ ਸਿੰਘ ਉਰਫ ਵਿੱਕੀ ਨਿਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਇਲਾਕੇ ਵਿੱਚ ਚਿੱਟੇ ਦੀ ਸਪਲਾਈ ਕਰਦਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਰਾਜੂ ਸਿੰਘ ਅਤੇ ਬਲਜੀਤ ਸਿੰਘ ਨੂੰ 15 ਗ੍ਰਾਮ ਹੈਰੋਈਨ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਚੀਮਾ ਦੇ ਹੋਲਦਾਰ ਬਲਮੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਸ਼ੇਰੋ ਵਾਲੀ ਸੜਕ ਤੇ ਚੀਮਾ ਦੀ ਹੱਦ ਤੇ ਪੁੱਜੇ। ਜਿੱਥੇ ਸੜਕ ਕਿਨਾਰੇ ਚਾਰ ਵਿਅਕਤੀ ਖੜੇ ਵਿਖਾਈ ਦਿੱਤੇ, ਜਿਨਾਂ ਦਾ ਕੋਈ ਨਸ਼ਾ ਕੀਤਾ ਜਾਪਦਾ ਸੀ। ਜਦੋ ਪੁਲਿਸ ਨੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਵਿੱਚ ਕੁਲਦੀਪ ਸਿੰਘ ਵਾਸੀ ਸੁਨਾਮ, ਨਵਦੀਪ ਸਿੰਘ ਵਾਸੀ ਨਮੋਲ, ਗਗਨਜੀਤ ਸਿੰਘ ਵਾਸੀ ਚੀਮਾ ਅਤੇ ਮਨੋਹਰ ਸਿੰਘ ਵਾਸੀ ਚੀਮਾ ਦੱਸਿਆ। ਪੁਲਿਸ ਨੇ ਚਾਰਾਂ ਦਾ ਡੋਪ ਟੈਸਟ ਕਰਵਾਇਆ ਤਾਂ ਉਹ ਪੋਜੀਟਿਵ ਆਇਆ। ਪੁਲਿਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ।