ਸੇਵਾਮੁਕਤ ਆਈਜੀ ਨੂੰ ਠੱਗਣ ਵਾਲਿਆਂ ਨੇ ਮਜ਼ਦੂਰਾਂ ਦੇ ਨਾਂ ’ਤੇ ਲਏ ਸਨ ਸਿਮ ਕਾਰਡ, ਪੁਲਿਸ ਨੇ ਬਰਾਮਦ ਕੀਤੇ 400 ਸਿਮ ਕਾਰਡ ਤੇ 10 ਸਮਾਰਟਫੋਨ
ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਤੋਂ 8 ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲਿਆਂ ਨੇ ਮਜ਼ਦੂਰਾਂ ਦੇ ਨਾਂ ’ਤੇ ਸਿਮ ਕਾਰਡ ਲਏ ਸਨ। ਪਟਿਆਲਾ ਪੁਲਿਸ ਦੀ ਟੀਮ ਨੇ ਲੋਕਲ ਪੁਲਿਸ ਥਾਣੇ ਦੀ ਟੀਮ ਨਾਲ ਮਿਲ ਕੇ ਦੋ ਲੋਕਾਂ ਨੂੰ ਕਾਬੂ ਕਰ ਕੇ 400 ਸਿਮ ਕਾਰਡ ਜ਼ਬਤ ਕੀਤੇ ਹਨ ਅਤੇ ਸਿਮ ਕਾਰਡ ਦੀ ਰਿਕਵਰੀ ਦੀ ਕਾਰਵਾਈ ਹਾਲੇ ਵੀ ਜਾਰੀ ਹੈ।
Publish Date: Thu, 01 Jan 2026 08:58 PM (IST)
Updated Date: Thu, 01 Jan 2026 09:03 PM (IST)
ਸਟਾਫ ਰਿਪੋਰਟਰ, ਪਟਿਆਲਾ : ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਤੋਂ 8 ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲਿਆਂ ਨੇ ਮਜ਼ਦੂਰਾਂ ਦੇ ਨਾਂ ’ਤੇ ਸਿਮ ਕਾਰਡ ਲਏ ਸਨ। ਪਟਿਆਲਾ ਪੁਲਿਸ ਦੀ ਟੀਮ ਨੇ ਲੋਕਲ ਪੁਲਿਸ ਥਾਣੇ ਦੀ ਟੀਮ ਨਾਲ ਮਿਲ ਕੇ ਦੋ ਲੋਕਾਂ ਨੂੰ ਕਾਬੂ ਕਰ ਕੇ 400 ਸਿਮ ਕਾਰਡ ਜ਼ਬਤ ਕੀਤੇ ਹਨ ਅਤੇ ਸਿਮ ਕਾਰਡ ਦੀ ਰਿਕਵਰੀ ਦੀ ਕਾਰਵਾਈ ਹਾਲੇ ਵੀ ਜਾਰੀ ਹੈ।
ਮੌਕੇ ਤੋਂ 10 ਸਮਾਰਟਫੋਨ ਮਿਲੇ ਹਨ ਜਿਹੜੇ ਵਰਕਿੰਗ ਹਾਲਤ ਵਿਚ ਸਨ। ਇਸ ਤੋਂ ਇਲਾਵਾ ਹੋਰ ਫੋਨ ਬੰਦ ਪਏ ਸਨ। ਇਨ੍ਹਾਂ ਮੋਬਾਈਲ ਫੋਨਾਂ ਦੀ ਵੈਰੀਫਿਕੇਸ਼ਨ ਜਾਰੀ ਹੈ।ਹਾਲੇ ਪੁਲਿਸ ਟੀਮ ਨੂੰ ਪਟਿਆਲਾ ਪਰਤਣ ਵਿਚ ਦੋ ਤੋਂ ਤਿੰਨ ਦਿਨ ਲੱਗਣਗੇ।
ਜ਼ਿਕਰਯੋਗ ਹੈ ਕਿ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੇ ਸੇਵਾਮੁਕਤ ਆਈਜੀ ਚਾਹਲ ਨੇ 22 ਦਸੰਬਰ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ 12 ਪੰਨਿਆਂ ਦਾ ਸੁਸਾਇਡ ਨੋਟ ਲਿਖਿਆ ਸੀ ਜਿਸ ਨੂੰ ਡੀਜੀਪੀ ਗੌਰਵ ਯਾਦਵ ਤੇ ਆਪਣੇ ਸੀਨੀਅਰ ਪੁਲਿਸ ਅਧਿਕਾਰੀ ਦੋਸਤਾਂ ਨੂੰ ਭੇਜ ਦਿੱਤਾ ਸੀ। ਘਟਨਾ ਤੋਂ ਬਾਅਦ ਸੱਤਵੇਂ ਦਿਨ ਸੇਵਾਮੁਕਤ ਆਈਜੀ ਚਾਹਲ ਨੇ ਆਪਣੀ ਵੀਡੀਓ ਜਾਰੀ ਕਰ ਕੇ ਤੰਦਰੁਸਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉੱਧਰ, ਪਟਿਆਲਾ ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਸਵਾ ਤਿੰਨ ਕਰੋੜ ਰੁਪਏ ਦੀ ਰਕਮ ਫ੍ਰੀਜ਼ ਕਰਵਾ ਚੁੱਕੀ ਹੈ ਅਤੇ 10 ਤੋਂ ਵੱਧ ਬੈਂਕ ਖਾਤੇ ਟੈਕਨੀਕਲ ਟੀਮ ਹਾਲੇ ਵੀ ਖੰਘਾਲ ਰਹੀ ਹੈ।