- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਾਲ ਆਲੂਆਂ ਦੀ ਬੰਪਰ ਫਸਲ, ਭਾਅ ਡਿੱਗੇ, ਕਿਸਾਨ ਪਰੇਸ਼ਾਨ

ਪਿਛਲੇ ਸਾਲ ਦੇ ਭਾਅ ਦੇਖਕੇ ਕਿਸਾਨਾਂ ਨੇ ਕੀਤੀ ਜ਼ਿਆਦਾ ਬਿਜਾਈ
ਕਿਸਾਨ ਆਲੂਆਂ ਨੂੰ ਸਟੋਰ ਕਰਨ ਲੱਗੇ, ਭਾਅ ਵਧਣ ਦੇ ਵੇਚਣਗੇ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਸਾਲ ਆਲੂਆਂ ਦੇ ਚੰਗੇ ਭਾਅ ਮਿਲਣ ਤੇ ਇਸ ਵਾਰ ਵੀ ਕਿਸਾਨਾਂ ਨੇ ਵੱਡੀ ਤਦਾਦ ਆਲੂਆਂ ਦੀ ਫਸਲ ਦੀ ਬਿਜਾਈ ਕੀਤੀ ਤੇ ਫਸਲ ਵੀ ਬੰਪਰ ਹੋਈ, ਪਰ ਆਲੂਆਂ ਦੇ ਭਾਅ ਡਿੱਗਣ ਕਾਰਨ ਆਲੂ ਉਤਪਾਦਕ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਪੈ ਗਈਆਂ ਹਨ। ਕਿਸਾਨ ਹੁਣ ਇਨ੍ਹਾਂ ਨੂੰ ਪੁੱਟਣ ਤੋਂ ਬਾਅਦ ਵੇਚਣ ਦੀ ਥਾਂ ਸਟੋਰ ਕਰਨ ਲੱਗੇ ਹਨ, ਤਾਂ ਜੋ ਚੰਗੇ ਭਾਅ ਮਿਲਣ ਤੇ ਇਨ੍ਹਾਂ ਨੂੰ ਵੇਚਿਆ ਜਾ ਸਕੇ।
ਦੱਸ ਦੇਈਏ ਕਿ ਕਿਸਾਨ ਪਹਿਲਾਂ ਹੀ ਬੇਮੌਸਮੀ ਬਾਰਿਸ਼ ਤੇ ਕੋਹਰੇ ਕਾਰਨ ਪਰੇਸ਼ਾਨ ਸਨ। ਕੋਹਰੇ ਦੀ ਵਜ੍ਹਾ ਨਾਲ ਆਲੂ ਦੀ ਫਸਲ ਪ੍ਰਭਾਵਿਤ ਹੋਈ ਸੀ, ਜਿਸਨੂੰ ਕਿਸਾਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੰਭਾਲ ਕੇ ਪੱਕਣ ਤੱਕ ਲਿਆਂਦਾ। ਇਸ ਦੇ ਬਾਵਜੂਦ ਉਨ੍ਹਾਂ ਦੀ ਮਿਹਨਤ ਕੌੜੀਆਂ ਦੇ ਭਾਅ ਵਿਕ ਰਹੀ ਹੈ। ਕੁਝ ਕਿਸਾਨਾਂ ਨੇ ਦੁੱਖੀ ਹੋ ਕੇ ਆਲੂ ਨੂੰ ਜ਼ਮੀਨ ਵਿੱਚ ਹੀ ਵਾਹ ਦਿੱਤਾ ਹੈ।
ਪਿੰਡ ਬਡਰੁੱਖਾਂ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ 2 ਏਕੜ ਵਿੱਚ ਆਲੂ ਦੀ ਖੇਤੀ ਕੀਤੀ ਸੀ। ਹੁਣ ਇਸਦੀ ਪੁਟਾਈ ਕਰ ਕੇ ਮੰਡੀ ’ਚ ਲੈ ਕੇ ਜਾਣਾ ਸੀ, ਪਰ ਡਿੱਗੇ ਭਾਅ ਦੇ ਕਾਰਨ ਉਸਦਾ ਮਨ ਟੁੱਟ ਗਿਆ। ਆਲੂ ਦੀ ਪੁਟਾਈ ਟ੍ਰੈਕਟਰ ਦੀ ਮਦਦ ਨਾਲ ਕੀਤੀ ਗਈ, ਜਿਸ ’ਤੇ 3 ਹਜ਼ਾਰ ਰੁਪਏ ਦਾ ਡੀਜ਼ਲ ਲੱਗ ਗਿਆ। 25 ਹਜ਼ਾਰ ਰੁਪਏ ਮਜ਼ਦੂਰੀ ’ਤੇ ਖਰਚ ਹੋਏ। ਹਰ ਮਜ਼ਦੂਰ ਨੂੰ 400 ਰੁਪਏ ਦਿਹਾੜੀ ਦਿੱਤੀ ਗਈ। 10 ਹਜ਼ਾਰ ਰੁਪਏ ਦਾ ਬਾਰਦਾਨਾ ਆਇਆ, ਇਕ ਖਾਲੀ ਬੋਰੀ 18 ਰੁਪਏ ਦੀ ਪਈ।
ਕਿਸਾਨ ਨੇ ਦੱਸਿਆ ਕਿ ਇਸ ਸਮੇਂ 300 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਆਲੂ ਵਿਕ ਰਿਹਾ ਹੈ, ਜਦਕਿ ਪਿਛਲੇ ਸਾਲ ਇਹ 600 ਰੁਪਏ ਸੀ। ਇਸ ਵੇਲੇ 6 ਰੁਪਏ ਪ੍ਰਤੀ ਕਿਲੋ ਭਾਅ ਚੱਲ ਰਿਹਾ ਹੈ, ਜਦਕਿ ਪਿਛਲੇ ਸਾਲ 12 ਰੁਪਏ ਸੀ। ਉਸਦਾ ਪ੍ਰਤੀ ਏਕੜ 50-55 ਹਜ਼ਾਰ ਰੁਪਏ ਖਰਚ ਆਇਆ ਹੈ।
ਭਾਅ ਡਿੱਗਣ ਨਾਲ ਉਮੀਦਾਂ ’ਤੇ ਫਿਰਿਆ ਪਾਣੀ
ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਲੂ ਦੇ ਘੱਟ ਭਾਅ ਨੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਹਨ। ਕਿਸਾਨਾਂ ਨੂੰ ਚਿੰਤਾ ਹੈ ਕਿ ਜੇਕਰ ਭਾਅ ਇਸੇ ਤਰ੍ਹਾਂ ਰਹੇ ਤਾਂ ਆਲੂ ਕੱਢਣ ਤੇ ਬੀਜ ਦੀ ਲਾਗਤ ਵੀ ਪੂਰੀ ਨਹੀਂ ਹੋਵੇਗੀ। ਕਿਸਾਨ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਚੁੱਕੇ ਹਨ, ਹੁਣ ਆਲੂ ਦੇ ਭਾਅ ’ਚ ਆਈ ਭਾਰੀ ਗਿਰਾਵਟ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਫਿਲਹਾਲ ਉਨ੍ਹਾਂ ਆਲੂਆਂ ਅੱਠ ਮਹੀਨਿਆਂ ਲਈ ਸਟੋਰ ਕਰਵਾ ਦਿੱਤਾ ਹੈ, ਤਾਂ ਜੋ ਭਾਅ ਵਧਣ ਤੇ ਇਨ੍ਹਾਂ ਨੂੰ ਵੇਚਿਆ ਜਾ ਸਕੇ।
ਹਜ਼ਾਰਾਂ ਰੁਪਏ ਹੋਏ ਖਰਚ
ਕਿਸਾਨ ਬਲਜਿੰਦਰ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਆਲੂ ਦੀ ਫਸਲ ’ਤੇ ਕਈ ਵਾਰ ਸਪ੍ਰੇ ਕਰਨਾ ਪੈਂਦਾ ਹੈ। ਹੁਣ ਤੱਕ ਹਜ਼ਾਰਾਂ ਰੁਪਏ ਮਜ਼ਦੂਰੀ, ਨਦੀਨ ਨਾਸ਼ਕ, ਫੰਗੀ ਸਾਈਡ ਤੇ ਕੀਟ ਨਿਯੰਤਰਣ ’ਤੇ ਖਰਚ ਹੋ ਚੁੱਕੇ ਹਨ। ਹੁਣ ਜਦੋਂ ਫਸਲ ਤਿਆਰ ਹੋਈ ਹੈ ਤਾਂ ਆਲੂ ਦੇ ਭਾਅ ਘਟ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਪ੍ਰਤੀ ਏਕੜ ਖਰਚ ਵੱਧ ਅਤੇ ਪੈਦਾਵਾਰ ਘੱਟ ਰਹੀ ਹੈ।