ਮਿਠਾਈ ਦੀ ਦੁਕਾਨ ’ਚੋਂ 11 ਹਜ਼ਾਰ ਰੁਪਏ ਚੋਰੀ
ਚੋਰਾਂ ਨੇ ਮਿਠਾਈ ਦੀ ਦੁਕਾਨ ਚੋਂ 11 ਹਜਾਰ ਕੀਤੇ ਚੋਰੀ
Publish Date: Sun, 08 Feb 2026 07:08 PM (IST)
Updated Date: Mon, 09 Feb 2026 04:09 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਮਹਾਵੀਰ ਚੌਕ ਵਿਚ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਦਿਆਂ 11 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਦੁਕਾਨਦਾਰ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਾਵੀਰ ਚੌਕ ਵਿਚ ਸਥਿਤ ਬੋਬੀ ਸਵੀਟਸ ਦੇ ਮਾਲਕ ਨਵੀਨ ਕੁਮਾਰ ਗਰਗ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਦੇਰ ਸ਼ਾਮ ਘਰ ਚਲੇ ਗਏ ਸਨ। ਐਤਵਾਰ ਸਵੇਰੇ ਉਨ੍ਹਾਂ ਨੂੰ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਦੁਕਾਨ ਦੇ ਸ਼ਟਰ ਦੇ ਜਿੰਦਰੇ ਟੁੱਟੇ ਪਏ ਹਨ। ਫੋਨ ਸੁਣਦੇ ਹੀ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਦੋਵੇਂ ਜਿੰਦਰੇ ਟੁੱਟੇ ਹੋਏ ਸਨ। ਉਨ੍ਹਾਂ ਦੁਕਾਨ ਅੰਦਰ ਜਾ ਕੇ ਵੇਖਿਆ ਤਾਂ ਕਾਊਂਟਰ ਦੇ ਗੱਲੇ ਵਿਚੋਂ ਤਿੰਨ ਹਜ਼ਾਰ ਰੁਪਏ ਤੇ ਦੁਕਾਨ ਦੇ ਅੰਦਰਲੇ ਕਾਊਂਟਰ ਦੀ ਦਰਾਜ਼ ਵਿਚ ਰੱਖੇ 8 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਚੋਰ ਦੁਕਾਨ ਵਿਚੋਂ ਕਰੀਬ 11 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸਭ ਤੋਂ ਵੱਧ ਭੀੜ ਭਾੜ ਰਹਿਣ ਵਾਲਿਆਂ ਵਿੱਚੋਂ ਇੱਕ ਹੈ, ਜਿੱਥੇ ਦਿਨ-ਰਾਤ ਆਵਾਜਾਈ ਜਾਰੀ ਰਹਿੰਦੀ ਹੈ, ਫਿਰ ਵੀ ਚੋਰੀ ਦੀ ਵਾਰਦਾਤ ਹੋਣਾ ਕਾਫ਼ੀ ਨਿਰਾਸ਼ਾਜਨਕ ਹੈ। ਪੁਲਿਸ ਨੇ ਉਨ੍ਹਾਂ ਦੇ ਬਿਆਨ ਕਲਮਬੱਧ ਕਰ ਲਏ। ਨਾਲ ਲੱਗਦੀ ਦੁਕਾਨ ਦੇ ਵਪਾਰੀ ਐਡਵੋਕੇਟ ਭਗਵੰਤ ਸਿੰਘ ਨੇ ਕਿਹਾ ਕਿ ਜਦੋਂ ਸਭ ਤੋਂ ਭੀੜਭਾੜ ਤੇ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਵਿਚ ਅਜਿਹੀ ਘਟਨਾ ਹੋ ਸਕਦੀ ਹੈ, ਤਾਂ ਹੋਰ ਇਲਾਕਿਆਂ ਦੀ ਸੁਰੱਖਿਆ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਰਾਤ ਨੂੰ ਚੌਕ ਵਿਚ ਕਰਮਚਾਰੀ ਤਾਇਨਾਤ ਸਨ ਅਤੇ ਦੁਕਾਨ ਦੇ ਸਾਹਮਣੇ ਇਕ ਟਰੱਕ ਖੜ੍ਹਾ ਸੀ। ਇਸ ਕਾਰਨ ਸੰਭਾਵਨਾ ਹੈ ਕਿ ਟਰੱਕ ਦੀ ਆੜ ਲੈ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਹ ਘਟਨਾ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ’ਤੇ ਵੱਡਾ ਸਵਾਲ ਚਿੰਨ੍ਹ ਹੈ। ਥਾਣਾ ਸਿਟੀ-ਵਨ ਦੇ ਇੰਚਾਰਜ ਯੋਗੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।