ਬਾਰਿਸ਼ ਮਗਰੋਂ ਫੇਰ ਬਦਲਿਆ ਮੌਸਮ ਦਾ ਮਿਜਾਜ
ਬਾਰਿਸ਼ ਮਗਰੋਂ ਫੇਰ ਬਦਲਿਆ ਮੌਸਮ ਦਾ ਮਿਜਾਜ
Publish Date: Fri, 27 Mar 2026 04:43 PM (IST)
Updated Date: Sat, 28 Mar 2026 04:02 AM (IST)

ਵੱਧੋ ਵੱਧ ਤਾਪਮਾਨ 28 ਡਿਗਰੀ ਅਤੇ ਘੱਟੋ ਘੱਟ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਸ ਸਾਲ ਵਾਰ-ਵਾਰ ਬਦਲ ਰਿਹਾ ਮੌਸਮ ਦਾ ਮਿਜਾਜ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਕਦੇ ਧੁੱਪ ਨਿਕਲਣ ਕਾਰਨ ਅਚਾਨਕ ਗਰਮੀ ਹੋਣ ਲਗਦੀ ਹੈ ਤੇ ਕਦੇ ਅਚਾਨਕ ਬਾਰਿਸ਼ ਹੋਣ ਨਾਲ ਲੋਕਾਂ ਨੂੰ ਠੰਢ ਦਾ ਅਹਿਸਾਸ ਹੋਣ ਲਗਦਾ ਹੈ। ਸ਼ੁੱਕਰਵਾਰ ਨੂੰ ਸਵੇਰ ਹੋਈ ਬਾਰਿਸ਼ ਤੇ ਚੱਲੀਆਂ ਠੰਢੀਆਂ ਹਵਾਵਾਂ ਨੇ ਇਕ ਵਾਰ ਫੇਰ ਮੌਸਮ ਵਿਚ ਬਦਲਾਅ ਲਿਆ ਦਿੱਤਾ। ਦੂਜੇ ਪਾਸੇ, ਕੁਝ ਦਿਨਾਂ ਮਗਰੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਪਹਿਲਾਂ ਹੋਈ ਬਾਰਿਸ਼ ਤੇ ਹਵਾਵਾਂ ਕਾਰਨ ਖੇਤਾਂ ਵਿਚ ਪਹਿਲਾਂ ਹੀ ਕਣਕ ਦੀ ਫਸਲ ਵਿਛੀ ਪਈ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਇਸਦਾ ਪ੍ਰਭਾਵ ਸਿੱਧੇ ਤੌਰ ’ਤੇ ਫਸਲ ਦੇ ਝਾੜ ’ਤੇ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਪਮਾਨ ਵਧਣ ਕਾਰਨ ਲੋਕਾਂ ਨੂੰ ਗਰਮੀ ਸਤਾਉਣ ਲੱਗ ਪਈ ਸੀ ਤੇ ਬਾਜ਼ਾਰ ਦੀ ਰੌਣਕ ਵੀ ਗਾਇਬ ਜਿਹੀ ਹੋ ਗਈ ਸੀ। ਕਿਉਂਕਿ ਦਿਨ ਵੇਲੇ ਦਾ ਤਾਪਮਾਨ 30 ਡਿਗਰੀ ਤੱਕ ਪੁੱਜ ਗਿਆ ਸੀ। ਪ੍ਰੰਤੂ ਸ਼ੁੱਕਰਵਾਰ ਨੂੰ ਤੜਕਸਾਰ ਠੰਢੀਆਂ ਹਵਾਵਾਂ ਦੇ ਨਾਲ ਹੋਈ ਹਲਕੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ, ਉੱਥੇ ਹੀ ਦੋ ਤੋਂ ਤਿੰਨ ਡਿਗਰੀ ਤੱਕ ਤਾਪਮਾਨ ਵੀ ਘਟ ਗਿਆ। ਸ਼ੁੱਕਰਵਾਰ ਨੂੰ ਵੱਧੋ ਵੱਧ ਤਾਪਮਾਨ 28 ਡਿਗਰੀ ਅਤੇ ਘੱਟੋ ਘੱਟ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ। ਸਾਰਾ ਦਿਨ ਅਸਮਾਨ ਤੇ ਬੱਦਲ ਛਾਏ ਰਹੇ ਅਤੇ ਦੁਪਹਿਰ ਕਰੀਬ ਤਿੰਨ ਵਜੇ ਵੀ ਹਲਕੀ ਬੂੰਦਾਬਾਂਦੀ ਹੋਈ ਅਤੇ ਮੌਸਮ ਖੁਸ਼ਨੁਮਾ ਬਣਿਆ ਰਿਹਾ। ਬਾਰਿਸ਼ ਅਤੇ ਹਵਾਵਾਂ ਕਣਕ ਲਈ ਨੁਕਸਾਨਦੇਹ : ਕਿਸਾਨ ਵਾਰ-ਵਾਰ ਬਦਲ ਰਿਹਾ ਮੌਸਮ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਸੰਗਰੂਰ ਦੇ ਕਿਸਾਨ ਰਣਜੀਤ ਸਿੰਘ, ਨਿਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਵੱਧ ਤਾਪਮਾਨ ਵੀ ਕਣਕ ਦੀ ਫਸਲ ਲਈ ਠੀਕ ਨਹੀਂ ਹੈ।ਜ਼ਿਆਦਾ ਬਾਰਿਸ਼ ਅਤੇ ਹਨੇਰੀ ਵੀ ਨੁਕਸਾਨਦਾਇਕ ਹੈ। ਕਿਉਕਿ ਇਹ ਮੌਸਮ ਕਣਕ ਦੇ ਪੱਕਣ ਦਾ ਅਖੀਰਲਾ ਪੜਾਅ ਹੈ ਇਸ ਲਈ ਨਾ ਜਿਆਦਾ ਗਰਮੀ ਅਤੇ ਨਾ ਜਿਆਦਾ ਠੰਢ ਹੋਣਾ ਕਣਕ ਦੀ ਫਸਲ ਲਈ ਚੰਗਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਜੇਕਰ ਬਾਰਿਸ਼ ਅਤੇ ਹਨੇਰੀ ਦਾ ਆਉਣਾ ਇੰਝ ਹੀ ਜਾਰੀ ਰਿਹਾ ਤਾਂ ਇਸ ਨਾਲ ਕਣਕ ਦਾ ਝਾੜ ਪ੍ਰਭਾਵਿਤ ਹੋਣ ਦਾ ਡਰ ਹੈ।