ਸੰਗਰੂਰ ’ਚ 12 ਮਹੀਨਿਆਂ ’ਚ 3,242 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ
ਅਵਾਰਾ ਕੁੱਤਿਆਂ ਦੀ ਦਹਿਸ਼ਤ: ਮਨੁੱਖੀ ਅਧਿਕਾਰ ਕਮਿਸ਼ਨ ਵੱਲੋ ਸਖ਼ਤ ਨੋਟਿਸ
Publish Date: Tue, 10 Mar 2026 04:59 PM (IST)
Updated Date: Wed, 11 Mar 2026 04:04 AM (IST)

ਐਡਵੋਕੇਟ ਕਮਲ ਆਨੰਦ ਤੇ ਜਤਿੰਦਰ ਕਾਲੜਾ ਨੇ ਲਾਪ੍ਰਵਾਹੀ ਵਿਰੁੱਧ ਚੁੱਕੇ ਸਵਾਲ ਡੀਸੀ ਸੰਗਰੂਰ ਤੇ ਨਗਰ ਕੌਂਸਲ ਨੂੰ 8 ਮਈ ਨੂੰ ਜਵਾਬ ਤਲਬ ਕੀਤਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿਚ ਆਵਾਰਾ ਕੁੱਤਿਆਂ ਦੇ ਵਧ ਰਹੇ ਖ਼ਤਰੇ ਤੇ ਸਥਾਨਕ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਐਡਵੋਕੇਟ ਕਮਲ ਆਨੰਦ ਦੀ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਡੀਸੀ ਸੰਗਰੂਰ ਤੇ ਨਗਰ ਕੌਂਸਲ ਨੂੰ 8 ਮਈ ਨੂੰ ਜਵਾਬ ਤਲਬ ਕੀਤਾ ਹੈ। ਸ਼ਹਿਰ ਦੀ ਮੌਜੂਦਾ ਸਥਿਤੀ ਬੇਹੱਦ ਚਿੰਤਾਜਨਕ ਹੈ ਤੇ ਇਕ ਮੈਡੀਕਲ ਐਮਰਜੈਂਸੀ ਵੱਲ ਇਸ਼ਾਰਾ ਕਰ ਰਹੀ ਹੈ। ਅੰਕੜਿਆਂ ਮੁਤਾਬਕ ਪਿਛਲੇ 12 ਮਹੀਨਿਆਂ ਦੌਰਾਨ 3,242 ਲੋਕਾਂ ਨੂੰ ਸ਼ਹਿਰ ਵਿਚ ਕੁੱਤਿਆਂ ਦੇ ਸ਼ਿਕਾਰ ਹੋਏ। ਮਸਲਨ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਕੁੱਤਿਆਂ ਦੇ ਵੱਢੇ ਲੋਕਾਂ ਦੇ 10 ਕੇਸ ਆ ਰਹੇ ਹਨ। ਸ਼ਹਿਰ ਦੇ ਹਰ ਵਾਰਡ, ਗਲੀ-ਮੁਹੱਲੇ ਵਿਚ ਘੁੰਮਣ ਵਾਲੇ ਕੁੱਤਿਆਂ ਦੀ ਔਸਤ ਗਿਣਤੀ 35 ਤੋਂ 40 ਦੇ ਕਰੀਬ ਹੈ। ਸੁੰਦਰ ਬਸਤੀ ਵਰਗੇ ਇਲਾਕਿਆਂ ਵਿਚ 5 ਸਾਲਾ ਬੱਚਿਆਂ ’ਤੇ ਹੋਏ ਹਮਲਿਆਂ ਵਿਚ ਬੱਚਿਆਂ ਦੀਆਂ ਹੱਡੀਆਂ ਤਕ ਨੁਕਸਾਨੀਆਂ ਗਈਆਂ ਹਨ। ਐਡਵੋਕੇਟ ਕਮਲ ਆਨੰਦ ਤੇ ਜਤਿੰਦਰ ਕਾਲੜਾ ਨੇ ਪ੍ਰਸ਼ਾਸਨ ਅੱਗੇ ਰੱਖੀਆਂ ਮੰਗਾਂ ਹਸਪਤਾਲ ਦੀ ਮਰਿਆਦਾ : ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡਾਂ ਤੇ ਮਰੀਜ਼ਾਂ ਦੇ ਬਿਸਤਰਿਆਂ ਤੱਕ ਘੁੰਮ ਰਹੇ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ। ਨਸਬੰਦੀ ਪ੍ਰਾਜੈਕਟ ਪਿਛਲੇ 20 ਸਾਲਾਂ ਤੋਂ ਲਟਕ ਰਹੇ ਕੰਮ ਨੂੰ 15.88 ਲੱਖ ਦੇ ਮੌਜੂਦ ਬਜਟ ਨਾਲ ਤੁਰੰਤ ਸ਼ੁਰੂ ਕੀਤਾ ਜਾਵੇ। ਸੁਰੱਖਿਅਤ ਜਨਤਕ ਥਾਵਾਂ ਸਕੂਲਾਂ ਤੇ ਪਾਰਕਾਂ ਵਿਚ ਵਿਸ਼ੇਸ਼ ਟੀਮਾਂ ਤਾਇਨਾਤ ਕਰ ਕੇ ਕੁੱਤਿਆਂ ਦੇ ਝੁੰਡਾਂ ਨੂੰ ਕਾਬੂ ਕੀਤਾ ਜਾਵੇ। ਕਾਨੂੰਨੀ ਮੁਆਵਜ਼ਾ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੀੜਤਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ। ਡਾਕਟਰੀ ਲਾਪਰਵਾਹੀ ਤੇ ਮੁਆਵਜ਼ੇ ’ਚ ਅੜਿੱਕਾ ਐਡਵੋਕੇਟ ਆਨੰਦ ਤੇ ਜਤਿੰਦਰ ਕਾਲੜਾ ਨੇ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਡਾਕਟਰਾਂ ਵੱਲੋਂ ਜ਼ਖ਼ਮ ਦੀ ਗੰਭੀਰਤਾ ਦਰਜ ਕਰਨ ਦੀ ਬਜਾਏ ਸਿਰਫ਼ ਕੈਟੇਗਰੀ-2 ਜਾਂ ਕੈਟੇਗਰੀ-3 ਲਿਖ ਦਿੱਤਾ ਜਾਂਦਾ ਹੈ। ਸਪੱਸ਼ਟ ਮਾਪ ਨਾ ਹੋਣ ਕਾਰਨ ਪੀੜਤਾਂ ਨੂੰ ਬਣਦਾ ਪੂਰਾ ਮੁਆਵਜ਼ਾ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਹਰ ਜ਼ਖ਼ਮ ਦਾ ਵੇਰਵਾ ਸੈਂਟੀਮੀਟਰਾਂ ਵਿਚ ਦਰਜ ਕਰਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਦੰਦ ਦੇ ਹਿਸਾਬ ਨਾਲ ਮੁਆਵਜ਼ਾ ਮਿਲ ਸਕੇ। ਆਵਾਰਾ ਕੁੱਤਿਆਂ ਦੇ ਹਮਲਿਆਂ ਕਾਰਨ ਹੋਏ ਨੁਕਸਾਨ ਦੇ ਬਦਲੇ ਪੀੜਤਾਂ ਵੱਲੋਂ ਭਾਰੀ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ, ਜਿਸ ਵਿਚ 27 ਫਰਵਰੀ 2026 ਨੂੰ ਵਾਪਰੀ ਇਕ ਘਟਨਾ ਲਈ ਪੀੜਤ ਵੱਲੋਂ 6,80,000 ਰੁਪਏ (ਛੇ ਲੱਖ ਅੱਸੀ ਹਜ਼ਾਰ) ਦੇ ਕੁੱਲ ਮੁਆਵਜ਼ੇ ਦਾ ਦਾਅਵਾ ਕੀਤਾ ਗਿਆ ਹੈ। 8 ਜਨਵਰੀ 2026 ਦੀ ਘਟਨਾ ਵਿੱਚ, ਜ਼ਖ਼ਮਾਂ ਦੀ ਗਿਣਤੀ ਤੇ ਗੰਭੀਰਤਾ ਦੇ ਆਧਾਰ ਤੇ ਕੀਤੀ ਗਈ ਗਣਨਾ ਅਨੁਸਾਰ 10,00,000 ਰੁਪਏ (ਦਸ ਲੱਖ) ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ, 30 ਦਸੰਬਰ 2025 ਨੂੰ ਪ੍ਰਭਾਤ ਫੇਰੀ ਤੋਂ ਵਾਪਸ ਆ ਰਹੀ ਅਨੀਤਾ ਰਾਣੀ ’ਤੇ ਹੋਏ ਭਿਆਨਕ ਹਮਲੇ ਲਈ, ਜਿਸ ਵਿੱਚ ਸੱਜੀ ਕੱਛ ਤੇ ਲੱਤ ਵਰਗੇ ਸਰੀਰ ਦੇ ਕਈ ਹਿੱਸਿਆਂ ਤੇ ਗੰਭੀਰ ਜ਼ਖ਼ਮ ਹੋਏ ਸਨ, 22,00,000 ਰੁਪਏ (ਬਾਈ ਲੱਖ) ਦੇ ਮੁਆਵਜ਼ੇ ਦਾ ਦਾਅਵਾ ਪੇਸ਼ ਕੀਤਾ ਗਿਆ ਹੈ। ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਨੂੰ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ ਬੇਹੱਦ ਸਖ਼ਤ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਵੇਗੀ, ਜਿੱਥੇ ਅਧਿਕਾਰੀਆਂ ਨੂੰ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ------------------------------ 12 ਮਹੀਨਿਆਂ ਦੇ ਕੁੱਲ ਮਾਮਲੇ ਮਾਰਚ 2025-----------324 ਅਪ੍ਰੈਲ 2025------------329 ਮਈ 2025--------------230 ਜੂਨ 2025-------------261 ਜੁਲਾਈ 2025---------332 ਅਗਸਤ 2025---------272 ਸਤੰਬਰ 2025-------218 ਅਕਤੂਬਰ 2025-----198 ਨਵੰਬਰ 2025-----222 ਦਸੰਬਰ 2025------252 ਜਨਵਰੀ 2026-----291 ਫਰਵਰੀ 2026-------316 ਕੁੱਲ 3242