ਥਾਣੇ ਅੱਗੇ ਲਾਇਆ ਪੱਕਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
ਥਾਣੇ ਅੱਗੇ ਲਾਇਆ ਪੱਕਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
Publish Date: Mon, 02 Feb 2026 06:01 PM (IST)
Updated Date: Tue, 03 Feb 2026 04:08 AM (IST)

ਮਾਮਲਾ ਪਿੰਡ ਦੇਹਲਾ ਸੀਹਾਂ ਦੇ ਲੋਕਾਂ ’ਤੇ ਕੀਤੇ ਝੂਠੇ ਪਰਚਿਆਂ ਦਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਮੂਨਕ ਦੀ ਪੁਲਿਸ ਵੱਲੋਂ ਪਿੰਡ ਦੇਹਲਾਂ ਸੀਂਹਾਂ ਦੇ ਦਰਜਨਾਂ ਲੋਕਾਂ ’ਤੇ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਮੂਨਕ ਥਾਣੇ ਅੱਗੇ ਲਾਇਆ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆ, ਮੀਤ ਪ੍ਰਧਾਨ ਰਿੰਕੂ ਮੂਣਕ, ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇਹਲਾਂ ਸੀਹਾਂ ਦੀ ਵਿਧਵਾ ਨੂੰਹ ਗਗਨਦੀਪ ਕੌਰ ਨੂੰ ਸਹੁਰੇ ਪਰਿਵਾਰ ਤੋਂ ਹੱਕ ਦਿਵਾਉਣ ਲਈ ਪੂਰੇ ਪਿੰਡ ਨੇ ਸਾਥ ਦਿੰਦਿਆਂ ਸਹੁਰੇ ਪਰਿਵਾਰ ਦੇ ਘਰ ’ਚ ਉਨ੍ਹਾਂ ਦੀ ਸਹਿਮਤੀ ਨਾਲ ਇਕ ਪਾਸੇ ਗਲੀ ’ਤੇ ਬਣੇ ਕਮਰੇ ’ਚ ਬਿਠਾਇਆ ਸੀ, ਪਰ ਬਾਅਦ ਵਿਚ ਗਗਨਦੀਪ ਕੌਰ ਦੇ ਸਹੁਰੇ ਗੁਰਚਰਨ ਸਿੰਘ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ’ਤੇ ਪੁਲਿਸ ਨੇ ਪਿੰਡ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਸਮੇਤ ਦਰਜਨਾਂ ਲੋਕਾਂ ਤੇ ਪਰਚੇ ਦਰਜ ਕਰ ਕੇ ਉਸੇ ਦਿਨ ਗ੍ਰਿਫ਼ਤਾਰੀ ਲਈ ਵੱਡੀ ਗਿਣਤੀ ’ਚ ਪੁਲਿਸ ਪਿੰਡ ਪਹੁੰਚ ਗਈ ਤੇ ਪਿੰਡ ਦੇ ਮੋਹਤਬਰਾਂ ਦੀ ਪੁਲਿਸ ਵੱਲੋਂ ਕੀਤੀ ਖਿੱਚ ਧੂਹ ਕਰ ਕੇ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਨੇ ਉਕਤ ਲੋਕਾਂ ’ਤੇ ਹੀ ਇਕ ਹੋਰ ਪਰਚਾ ਦਰਜ਼ ਕਰ ਦਿੱਤਾ। ਪਰਚਾ ਦਰਜ ਹੋਣ ਸਮੇਂ ਤੋਂ ਹੀ ਜਥੇਬੰਦੀ ਦੇ ਆਗੂ ਤੇ ਪਿੰਡ ਦੇ ਮੋਹਤਬਰ ਵਿਅਕਤੀ ਡੀਐੱਸਪੀ ਅਤੇ ਐੱਸਐੱਚਓ ਮੂਨਕ ਨੂੰ ਮਿਲ ਰਹੇ ਹਨ, ਜਿਨ੍ਹਾਂ ਵੱਲੋਂ ਹਰ ਵਾਰ ਪਰਚੇ ਰੱਦ ਕਰਨ ਲਈ ਕੁੱਝ ਹੀ ਦਿਨਾਂ ’ਚ ਕਾਰਵਾਈ ਸ਼ੁਰੂ ਕਰਨ ਦਾ ਵਿਸ਼ਵਾਸ਼ ਦਿਵਾਇਆ ਜਾਂਦਾ ਰਿਹਾ, ਪਰ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਸ ਕਰਕੇ ਸਾਨੂੰ ਮਜ਼ਬੂਰਨ ਝੂਠੇ ਪਰਚੇ ਰੱਦ ਕਰਾਉਣ ਲਈ ਥਾਣੇ ਅੱਗੇ ਬੀਤੇ ਕੱਲ ਇੱਕ ਫਰਵਰੀ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਹੈ । ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਕੱਲ ਤੋਂ ਹੀ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਕਿਸੇ ਸਾਰਥਕ ਨਤੀਜੇ ਤੇ ਨਹੀਂ ਪਹੁੰਚੀ । ਆਗੂਆਂ ਨੇ ਕਿਹਾ ਕਿ ਜਦੋਂ ਤੱਕ ਝੂਠੇ ਪਰਚੇ ਰੱਦ ਨਹੀਂ ਹੁੰਦੇ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਲਹਿਲ ਕਲਾਂ , ਰਾਮਫਲ ਡੂਡੀਆਂ , ਜਸਪਾਲ ਸਿੰਘ ਸਰਪੰਚ ਦੇਹਲਾ, ਮਲਕੀਤ ਸਿੰਘ ਸਰਪੰਚ ਬੱਲਰਾਂ, ਜਸਵੰਤ ਸਿੰਘ ਸਾਬਕਾ ਸਰਪੰਚ , ਸੁਖਦੇਵ ਸਿੰਘ ਬੱਲਰਾਂ,ਕਾਕਾ ਸਿੰਘ ਸਲੇਮਗੜ , ਅਵਤਾਰ ਸਿੰਘ ਰਾਮਪੁਰਾ ਗੁੱਜਰਾਂ, ਹਰਪਾਲ ਸਿੰਘ , ਕੁਲਵੰਤ ਸਿੰਘ , ਹਰਦੀਪ ਸਿੰਘ , ਬਲੌਰ ਸਿੰਘ ,ਜੈ ਭਗਵਾਨ ਮੂਣਕ , ਕੁਲਵੰਤ ਦੇਹਲਾ, ਗਗਨਦੀਪ ਕੌਰ, ਬਲਵੀਰ ਕੌਰ, ਜਿਊਣੀ ਕੌਰ, ਅਮਰਜੀਤ ਕੌਰ, ਗੁਰਮੀਤ ਹਾਜ਼ਰ ਸਨ।