ਸ਼ਹਿਰ ’ਚ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ, ਥਾਂ-ਥਾਂ ਫੈਲਿਆ ਪਾਣੀ
ਸ਼ਹਿਰ ’ਚ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ, ਥਾਂ-ਥਾਂ ਫੈਲਿਆ ਪਾਣੀ
Publish Date: Sat, 24 Jan 2026 06:28 PM (IST)
Updated Date: Sun, 25 Jan 2026 04:13 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੀਆਂ ਮੁੱਖ ਸੜਕਾਂ ਹੋਣ ਜਾਂ ਤੰਗ ਗਲੀਆਂ, ਹਰ ਪਾਸੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਅਤੇ ਥਾਂ-ਥਾਂ ਤੋਂ ਲੀਕ ਹੋ ਰਹੀਆਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ ਸ਼ਹਿਰ ਦੀ ਬਦਹਾਲੀ ਦੀ ਗਵਾਹੀ ਭਰਦੀਆਂ ਹਨ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਕਈ ਇਲਾਕਿਆਂ ਵਿੱਚ ਸੜਕ ਅਤੇ ਨਾਲੇ ਵਿਚਕਾਰ ਫਰਕ ਕਰਨਾ ਮੁਸ਼ਕਲ ਹੋ ਗਿਆ ਹੈ। ਆਮ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਦੁੱਭਰ ਹੋ ਗਿਆ ਹੈ, ਪਰ ਜ਼ਿੰਮੇਵਾਰ ਵਿਭਾਗਾਂ ਦੀ ਨੀਂਦ ਅਜੇ ਤੱਕ ਨਹੀਂ ਖੁੱਲੀ। ਸ਼ੁੱਕਰਵਾਰ ਨੂੰ ਹੋਈ 40.2 ਐਮਐਮ ਬਾਰਿਸ਼ ਨੇ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ, ਜਿਸ ਨਾਲ ਇਕ ਵਾਰ ਫਿਰ ਨਗਰ ਕੌਸਲ ਦੀ ਸੀਵਰੇਜ ਪ੍ਰਬੰਧਾਂ ਦੀ ਪੋਲ ਖੁੱਲ ਗਈ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਲੋਕਾਂ ਲਈ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਲੰਮੇ ਸਮੇਂ ਤੋਂ ਲੋਕ ਇਸਦਾ ਸਥਾਈ ਹੱਲ ਉਡੀਕ ਰਹੇ ਹਨ। ਸ਼ਹਿਰ ਵਾਸੀ ਰਾਜ ਕੁਮਾਰ, ਪ੍ਰਮੋਦ ਕੁਮਾਰ, ਸੰਜੇ ਕੁਮਾਰ, ਪ੍ਰਹਿਲਾਦ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਅੱਜਕੱਲ੍ਹ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਦੇ ਬਾਹਰ ਨਾਮਦੇਵ ਚੌਂਕ ਨੇੜੇ ਪੂਰਾ ਇਲਾਕਾ ਗੰਦੇ ਪਾਣੀ ਦੀ ਝੀਲ ਵਿੱਚ ਤਬਦੀਲ ਹੋ ਚੁੱਕਾ ਹੈ। ਸੜਕ ਪੂਰੀ ਤਰ੍ਹਾਂ ਗੰਦੇ ਪਾਣੀ ਨਾਲ ਭਰੀ ਹੋਈ ਹੈ, ਜਿਸ ਕਾਰਨ ਦੋ-ਪਹੀਆ ਵਾਹਨਾਂ ਦਾ ਲੰਘਣਾ ਵੀ ਮੁਸ਼ਕਲ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੜਕ ਦੇ ਦੋਵੇ ਪਾਸੇ ਪਾਣੀ ਦੀ ਨਿਕਾਸੀ ਲਈ ਨਾਲੇ ਬਣੇ ਹੋਏ ਹਨ, ਪਰ ਉਨ੍ਹਾਂ ਵਿੱਚੋਂ ਪਾਣੀ ਨਿਕਲਣ ਦੀ ਬਜਾਏ ਨਾਲੇ ਖੁਦ ਓਵਰਫਲੋ ਹੋ ਕੇ ਸੜਕ ’ਤੇ ਪਾਣੀ ਫੈਲਾ ਰਹੇ ਹਨ। ਬਾਰਿਸ਼ ਤੋਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਸਥਾਨਕ ਨਗਰ ਕੌਂਸਲ ਦੇ ਸੈਨੀਟੇਸ਼ਨ ਦਫ਼ਤਰ ਨਾਲ ਲੱਗਦੀ ਗਲੀ ਵਿੱਚ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਲਾਈਨ ਟੁੱਟੀ ਹੋਈ ਹੈ। ਮੁਹੱਲਾ ਵਾਸੀ ਬ੍ਰਿਜੇਸ਼ ਕੁਮਾਰ, ਕਾਲਾ ਵਰਮਾ, ਰਣਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗਲੀ ਦੇ ਵਿਚਕਾਰ ਖੱਡਾ ਪੁੱਟ ਕੇ ਖੁੱਲਾ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਰਾਤ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਾਣੀ ਨਾਲ ਭਰੇ ਇਸ ਟੋਏ ਵਿੱਚੋਂ ਪਾਣੀ ਓਵਰਫਲੋ ਹੋ ਕੇ ਪੂਰੀ ਗਲੀ ਵਿੱਚ ਫੈਲ ਜਾਂਦਾ ਹੈ, ਜਿਸ ਨਾਲ ਲੋਕਾਂ ਲਈ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਦੀ ਹਾਲਤ ਰਣਬੀਰ ਕਾਲਜ ਰੋਡ ’ਤੇ ਵੀ ਬਣੀ ਹੋਈ ਹੈ। ਇੱਥੇ ਬੁਲੇਟ ਏਜੰਸੀ ਨੇੜੇ ਮੁੱਖ ਸੜਕ ’ਤੇ ਜਲ ਸਪਲਾਈ ਦੀ ਲਾਈਨ ਨੁਕਸਾਨੀ ਹੋਈ ਹੈ, ਜਿਸ ਕਾਰਨ ਹਰ ਵੇਲੇ ਪਾਣੀ ਸੜਕ ’ਤੇ ਵਗਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਇਸ ਲਾਈਨ ਦੀ ਮੁਰੰਮਤ ਨਹੀਂ ਕੀਤੀ ਗਈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਨਾਲ ਮਿਲ ਰਿਹਾ ਹੈ, ਜਿਸ ਨਾਲ ਬਿਮਾਰੀਆਂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਸਥਾਨਕ ਦਸ਼ਮੇਸ਼ ਨਗਰ ਕਾਲੋਨੀ ਦੇ ਲੋਕ ਕਈ ਦਿਨਾਂ ਤੋਂ ਘਰਾਂ ਵਿੱਚ ਆ ਰਹੇ ਗੰਦੇ ਪਾਣੀ ਕਾਰਨ ਪ੍ਰੇਸ਼ਾਨ ਹਨ। ਲੋਕਾਂ ਦਾ ਦੋਸ਼ ਹੈ ਕਿ ਪੁਰਾਣੀਆਂ ਅਤੇ ਖਰਾਬ ਪਾਈਪ ਲਾਈਨਾਂ ਥਾਂ-ਥਾਂ ਤੋਂ ਲੀਕ ਹੋ ਰਹੀਆਂ ਹਨ, ਪਰ ਮੁਰੰਮਤ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੀਵਰੇਜ ਬੋਰਡ ਸਿਰਫ਼ “ਸਫ਼ੈਦ ਹਾਥੀ” ਸਾਬਤ ਹੋ ਰਹੇ ਹਨ। ਵਾਰ-ਵਾਰ ਸ਼ਿਕਾਇਤਾਂ ਅਤੇ ਅਧਿਕਾਰੀਆਂ ਕੋਲ ਗੁਹਾਰ ਲਾਉਣ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਨਿਕਲਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ।