ਗੌਰਵ ਗੁਪਤਾ ਨੇ ਡੀਐੱਮ ਕਾਰਡੀਓ ਦੀ ਡਿਗਰੀ ਕਰ ਕੇ ਵਧਾਇਆ ਭਵਾਨੀਗੜ੍ਹ ਦਾ ਮਾਣ
ਭੱਠੇ ਵਾਲਿਆਂ ਦੇ ਨਾਮ ਨਾਲ ਮਸ਼ਹੂਰ ਸਵ : ਮਹਿੰਦਰ ਪਾਲ ਕਾਂਸਲ ਦਾ ਕੀਤਾ ਨਾਮ ਉੱਚਾ
Publish Date: Mon, 19 Jan 2026 05:34 PM (IST)
Updated Date: Tue, 20 Jan 2026 04:09 AM (IST)

ਭੱਠੇ ਵਾਲਿਆਂ ਦੇ ਨਾਮ ਨਾਲ ਮਸ਼ਹੂਰ ਸਵ : ਮਹਿੰਦਰ ਪਾਲ ਕਾਂਸਲ ਦਾ ਕੀਤਾ ਨਾਮ ਉੱਚਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼ਹਿਰ ਦੇ ਜੰਮਪਲ ਨੌਜਵਾਨ ਡਾ. ਗੌਰਵ ਗੁਪਤਾ ਨੇ ਦਿਲ ਦੇ ਰੋਗਾਂ ਦੇ ਖੇਤਰ ਵਿਚ ਉੱਚ ਤਾਲੀਮ ਹਾਸਲ ਕਰ ਕੇ ਆਪਣੇ ਪਰਿਵਾਰ, ਸ਼ਹਿਰ ਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਡਾ. ਗੌਰਵ ਗੁਪਤਾ ਨੇ ਡੀਐੱਮ ਕਾਰਡੀਓ ਦੀ ਉੱਚ ਡਿਗਰੀ ਪੂਰੀ ਕਰ ਕੇ ਸਿਹਤ ਖੇਤਰ ਵਿਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਡਾ. ਗੌਰਵ ਗੁਪਤਾ ਦੀ ਮਾਤਾ ਰਾਮਾ ਰਾਣੀ ਨੇ ਦੱਸਿਆ ਕਿ ਸ਼ਹਿਰ ਵਿਚ ਭੱਠੇ ਵਾਲਿਆਂ ਦੇ ਨਾਮ ਨਾਲ ਮਸ਼ਹੂਰ ਸਵਰਗਵਾਸੀ ਮਹਿੰਦਰ ਪਾਲ ਕਾਂਸਲ ਤੇ ਮਾਤਾ ਰਾਮਾ ਰਾਣੀ ਦੇ ਲਾਡਲੇ ਪੁੱਤਰ ਹਨ। ਉਨ੍ਹਾਂ ਨੇ ਆਪਣੀ ਮੈਡੀਕਲ ਪੜ੍ਹਾਈ ਦੇ ਹਰ ਪੜਾਅ ਨੂੰ ਸਰਕਾਰੀ ਮੈਡੀਕਲ ਸੰਸਥਾਵਾਂ ਤੋਂ ਪੂਰਾ ਕੀਤਾ, ਜੋ ਉਨ੍ਹਾਂ ਦੀ ਕਾਬਲੀਅਤ ਤੇ ਯੋਗਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਐੱਮਬੀਬੀਐੱਸ ਦੀ ਡਿਗਰੀ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐੱਮਡੀ ਮੈਡੀਸਨ ਦੀ ਉੱਚ ਪੜ੍ਹਾਈ ਜਨਰਲ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ ਤੋਂ ਸਫਲਤਾਪੂਰਵਕ ਪੂਰੀ ਕੀਤੀ। ਦਿਲ ਦੇ ਰੋਗਾਂ ਵਿਚ ਵਿਸ਼ੇਸ਼ ਤਜ਼ਰਬਾ ਤੇ ਮਹਾਰਤ ਹਾਸਲ ਕਰਨ ਦੀ ਇੱਛਾ ਨਾਲ ਡਾ. ਗੌਰਵ ਗੁਪਤਾ ਨੇ ਡੀਐੱਮ ਕਾਰਡੀਓ ਦੀ ਪੜ੍ਹਾਈ ਸਰਦਾਰ ਪਟੇਲ ਮੈਡੀਕਲ ਕਾਲਜ ਤੇ ਹਸਪਤਾਲ ਬੀਕਾਨੇਰ, ਰਾਜਸਥਾਨ ਤੋਂ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਿਲ ਨਾਲ ਸਬੰਧਿਤ ਗੰਭੀਰ ਤੇ ਜਟਿਲ ਬਿਮਾਰੀਆਂ ਦੇ ਇਲਾਜ ਬਾਰੇ ਗਿਆਨ ਤੇ ਪ੍ਰਯੋਗਿਕ ਅਨੁਭਵ ਹਾਸਲ ਕੀਤਾ। ਉਨ੍ਹਾਂ ਇਸ ਮੌਕੇ ਦੱਸਿਆ ਕਿ ਗੌਰਵ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੋਣਹਾਰ, ਅਨੁਸ਼ਾਸਿਤ ਤੇ ਬਹੁਤ ਮਿਹਨਤੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਤਰ ਵੱਲੋਂ ਡੀਐੱਮ ਕਾਰਡੀਓ ਵਰਗੀ ਉੱਚ ਡਿਗਰੀ ਪ੍ਰਾਪਤ ਕਰਨਾ ਕੇਵਲ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ। ਡਾ. ਗੌਰਵ ਗੁਪਤਾ ਦੀ ਇਸ ਕਾਮਯਾਬੀ ’ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਸਨੇਹੀਆਂ ਵੱਲੋਂ ਵਧਾਈਆਂ ਦੇ ਸੰਦੇਸ਼ ਲਗਾਤਾਰ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਡਾ. ਗੌਰਵ ਗੁਪਤਾ ਪੰਚਕੂਲਾ ਦੇ ਅਲਕੇਮਿਸਟ ਹਸਪਤਾਲ ਵਿਚ ਆਪਣੀ ਸੇਵਾਵਾਂ ਦੇ ਰਹੇ ਹਨ।