ਭੱਠਾ ਸਨਅਤ ਤੇ ਜੰਗ ਦਾ ਅਸਰ ਇੱਟਾਂ ਦੇ ਭਾਅ ਅਸਮਾਨੀ ਚੜ੍ਹੇ
ਭੱਠਾ ਸਨਅਤ ਤੇ ਜੰਗ ਦਾ ਅਸਰ ਇੱਟਾਂ ਦੇ ਭਾਅ ਅਸਮਾਨੀ ਚੜੇ
Publish Date: Thu, 09 Apr 2026 04:33 PM (IST)
Updated Date: Fri, 10 Apr 2026 04:03 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਅਮਰੀਕਾ, ਈਰਾਨ ਤੇ ਇਜ਼ਰਾਇਲ ’ਚ ਚੱਲ ਰਹੇ ਯੁੱਧ ਦਾ ਅਸਰ ਭੱਠਾ ਸਨਅਤ ਤੇ ਭਾਰੂ ਹੋਣ ਲੱਗਾ। ਭਾਰਤ ਵਿਚ ਕੋਲੇ ਦੀਆਂ ਖਾਣਾਂ ਭਾਜਪਾ ਸਰਕਾਰ ਨੇ ਕਿਸੇ ਘਪਲੇਬਾਜ਼ੀ ’ਤੇ ਚਲਦੇ ਬੰਦ ਕਰਵਾ ਦਿੱਤੀਆਂ ਹਨ, ਜਿਸ ਕਾਰਨ ਕੋਲਾ ਅਮਰੀਕਾ ਤੇ ਹੋਰ ਕਈ ਦੇਸ਼ਾਂ ਤੋਂ ਇੰਪੋਰਟ ਹੋ ਕੇ ਆਉਣ ਲੱਗ ਪਿਆ ਹੈ। ਪਰ ਜੰਗ ਦੇ ਕਾਰਨ ਕੋਲੇ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਇਕ ਭੱਠਾ ਕਾਰੋਬਾਰੀ ਸੁਭਾਸ਼ ਗੁਪਤਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਜਿਹੜਾ ਕੋਲਾ 10 ਹਜ਼ਾਰ ਪ੍ਰਤੀ ਟਨ ਮਿਲਦਾ ਸੀ। ਹੁਣ 27000 ਦੇ ਕਰੀਬ ਪਹੁੰਚ ਚੁੱਕਿਆ ਹੈ। ਭੱਠਿਆਂ ’ਚ ਇੱਟਾਂ ਬਗੈਰ ਕੋਲੇ ਤੋਂ ਨਹੀਂ ਬਣ ਸਕਦੀਆਂ। ਕੋਲੇ ਦੀ ਕੀਮਤ ਵਧਣ ਕਾਰਨ ਇੱਟਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਜਿਹੜੀ ਇੱਟ ਦੋ ਮਹੀਨੇ ਪਹਿਲਾਂ 6000 ਰੁਪਏ ਪ੍ਰਤੀ ਹਜ਼ਾਰ ਮਿਲਦੀ ਸੀ ਹੁਣ ਇਕਦਮ 9000 ਪ੍ਰਤੀ ਹਜ਼ਾਰ ਹੋ ਗਈ ਹੈ। ਹੁਣ ਆਮ ਲੋਕਾਂ ਦਾ ਘਰ ਬਣਾਉਣਾ ਮੁਸ਼ਕਿਲ ਹੋ ਗਿਆ ਹੈ। ਕਈ ਭੱਠਾ ਮਾਲਕਾਂ ਨੇ ਕੋਲੇ ਦੀ ਘਾਟ ਤੇ ਵਧੇ ਰੇਟਾਂ ਕਾਰਨ ਆਪਣੇ ਭੱਠੇ ਬੰਦ ਕਰ ਦਿੱਤੇ ਹਨ। ਇਸ ਕਾਰਨ ਭੱਠੇ ’ਤੇ ਕੰਮ ਕਰਨ ਵਾਲੀ ਲੇਬਰ, ਸੀਮਿੰਟ ਦੀਆਂ ਦੁਕਾਨਾਂ, ਸਰੀਏ ਦੀਆਂ ਦੁਕਾਨਾਂ ਅਤੇ ਰਾਜ ਮਿਸਤਰੀਆਂ ਦਾ ਕੰਮ ਚੌਪਟ ਕਰ ਦਿੱਤਾ ਹੈ। ਕਿਸਾਨ ਆਗੂ ਨਾਜਮ ਸਿੰਘ ਪੁੰਨਾਂਵਾਲ ਬੀਕੇਯੂ (ਡਕੌਂਦਾ) ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜਹਾਂਗੀਰ ਅਤੇ ਬੀਕੇਯੂ (ਆਜ਼ਾਦ) ਦੇ ਸੁਖਵਿੰਦਰ ਸਿੰਘ ਪੇਧਨੀ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭੱਠਾ ਸਨਅਤ ਵਿੱਚ ਵਰਤੇ ਜਾਣ ਵਾਲੇ ਕੋਲੇ ਤੇ ਸਰਕਾਰ ਸਬਸਿਡੀ ਦੇ ਕੇ ਭੱਠਾ ਸਨਅਤ ਨੂੰ ਰਾਹਤ ਦੇਵੇ। ਤਾਂ ਜੋ ਇੱਟਾਂ ਦੀ ਕੀਮਤ ਆਮ ਲੋਕਾਂ ਦੇ ਬਜਟ ਵਿੱਚ ਆ ਜਾਵੇ।