ਸੱਤਾ ’ਤੇ ਕਾਬਜ ਸਰਕਾਰਾਂ ਨੇ ਮਜ਼ਦੂਰਾਂ ਨੂੰ ਵੋਟ ਬੈਂਕ ਵਜੋਂ ਵਰਤਿਆ : ਭੈਣੀ
ਸੱਤਾ ਤੇ ਕਾਬਜ ਸਰਕਾਰਾਂ ਨੇ ਮਜ਼ਦੂਰਾਂ ਨੂੰ ਵੋਟ ਬੈਂਕ ਵਜੋਂ ਵਰਤਿਆ :ਭੈਣੀ
Publish Date: Fri, 16 Jan 2026 04:17 PM (IST)
Updated Date: Sat, 17 Jan 2026 04:04 AM (IST)

ਬਸਪਾ ਨੇ ਸ਼ੇਰਪੁਰ ’ਚ ਜਨ ਕਲਿਆਣ ਕੀਤੀ ਰੈਲੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਬਹੁਜਨ ਸਮਾਜ ਪਾਰਟੀ ਪੰਜਾਬ ਨੇ ਸ਼ੇਰਪੁਰ ’ਚ ਪਟਿਆਲਾ ਜੋਨ ਦੀ ਰੈਲੀ ਕਰਕੇ 2027 ’ਚ ਪੰਜਾਬ ਅਤੇ ਯੂਪੀ ਅੰਦਰ ਪਾਰਟੀ ਦੀ ਸਰਕਾਰ ਲਿਆਉਣ ਲਈ ਪੰਜਾਬ ਸੰਭਾਲੋਂ ਮੁਹਿੰਮ ਤਹਿਤ ਹੁਣ ਤੋਂ ਪਾਰਟੀ ਦੇ ਸਿਪਾਹੀ ਬਣਕੇ ਡੱਟ ਜਾਣ ਦਾ ਸੱਦਾ ਦਿੱਤਾ। ਇਹ ਸੱਦਾ ਬਸਪਾ ਪੰਜਾਬ ਦੇ ਦੋਵੇਂ ਇੰਚਾਰਜਾਂ ਅਜੀਤ ਸਿੰਘ ਭੈਣੀ ਅਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਪਾਰਟੀ ਸੁਪਰੀਮੋ ਭੈਣ ਮਾਇਆਵਤੀ ਦੇ 70ਵੇਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਪਾਰਟੀ ਦੇ ਕਾਰਕੁਨਾਂ ਦੇ ਰੱਖੇ ਅਨਾਜ ਮੰਡੀ ਸ਼ੇਰਪੁਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਕਾਂਗਰਸ, ਅਕਾਲੀ -ਭਾਜਪਾ ਸਰਕਾਰ ਨੇ ਮਜ਼ਦੂਰਾਂ ਨੂੰ ਵੋਟ ਬੈਂਕ ਵਜੋਂ ਵਰਤਿਆ, ਪਰ ਦਲਿਤ ਮਜ਼ਦੂਰਾਂ ਦੇ ਬੁਨਿਆਦੀ ਹੱਕਾਂ ਲਈ ਡੱਕਾ ਦੂਹਰਾਂ ਨਹੀਂ ਕੀਤਾ। ਉਨ੍ਹਾਂ ਕਿਹਾ ਹੁਕਮਰਾਨ ਪਾਰਟੀ ਆਪ ਵੱਲੋਂ ਡਾ. ਬੀਆਰ ਅੰਬੇਦਕਰ ਤੇ ਭਗਤ ਸਿੰਘ ਦੀਆਂ ਫੋਟੋਆਂ ਦਾ ਸਿਆਸੀ ਲਾਹਾ ਤਾਂ ਲਿਆ ਪਰ ਕਾਰਜ ਵਿਹਾਰ ਦੋਵਾਂ ਮਹਾਨ ਆਗੂਆਂ ਦੀ ਸੋਚ ਤੋਂ ਹਮੇਸ਼ਾ ਉਲਟ ਕੀਤੇ। ਉਨ੍ਹਾਂ ਪੰਜਾਬ ਸੰਭਾਲੋ ਮੁੰਹਿਮ ਤਹਿਤ ਪਾਰਟੀ ਦੇ ਢਾਂਚੇ ਨੂੰ ਹੋਰ ਚੁਸਤ-ਦਰੁਸਤ ਕਰਨ ਲਈ ਕਾਰਕੁੰਨਾ ਨੂੰ ਪਾਰਟੀ ਦੇ ਸਿਪਾਹੀਆਂ ਵਾਂਗ ਸਿਆਸੀ ਮੋਰਚੇ ਤੇ ਡੱਟ ਜਾਣ ਦੀ ਲੋੜ ’ਤੇ ਜੋਰ ਦਿੱਤਾ। ਪਾਰਟੀ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਸੂਬਾਈ ਆਗੂ ਡਾ.ਮੱਖਣ ਸਿੰਘ, ਡਾ. ਜਗਜੀਵਨ ਸਿੰਘ, ਗੁਰਮੀਤ ਸਿੰਘ ਚੋਬਦਾਰਾ, ਜ਼ੋਨ ਪ੍ਰਧਾਨ ਅਮਰਜੀਤ ਸਿੰਘ ਝਲੂਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਇਸਤਰੀ ਵਿੰਗ ਦੀ ਪ੍ਰਧਾਨ ਬਲਜੀਤ ਕੌਰ ਵਿਰਕ ਨੇ ਜੀ ਰਾਮ ਜੀ ਸਕੀਮ ਤਹਿਤ ਮਨਰੇਗਾ ਨੂੰ ਖ਼ਤਮ ਕਰਨ ਦੀ ਸਾਜਿਸ਼, ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਵੇਚੇ ਜਾਣ, ਨਸ਼ਿਆਂ ਦੀ ਹਨੇਰੀ ਨਾਲ ਲੋਕਾਂ ਦੇ ਘਰਾਂ ’ਚ ਵਿਸ ਰਹੇ ਸੱਥਰਾਂ ਆਦਿ ਦੇ ਮੁੱਦੇ ਉਠਾਏ। ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਡਾ. ਬੀਆਰ ਅੰਬੇਦਕਰ ਤੇ ਬਾਪੂ ਕਾਂਸੀ ਰਾਮ ਦੀਆਂ ਤਸਵੀਰਾਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਅਮਰੀਕ ਸਿੰਘ ਕਾਲਾ ਧੂਰੀ, ਸੋਮਾ ਸਿੰਘ ਗੰਡੇਵਾਲ,ਪਰਗਟ ਖੇੜੀ ,ਦਰਸ਼ਨ ਸਿੰਘ ਬਾਜਵਾ ਆਦਿ ਆਗੂ ਹਾਜ਼ਰ ਸਨ। ਹਾਲੇ ਅਸੀਂ ਆਪਣਾ ਢਾਂਚਾ ਮਜਬੂਤ ਕਰ ਰਹੇ ਹਾਂ ਪੰਜਾਬ ਦੇ ਦੋਵੇਂ ਇੰਚਾਰਜ ਅਜੀਤ ਸਿੰਘ ਭੈਣੀ,ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਬਸਪਾ ਦੇ ਗੱਠਜੋੜ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਹਾਲੇ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ, ਅਸੀਂ ਆਪਣਾ ਢਾਂਚਾ ਮਜਬੂਤ ਕਰ ਰਹੇ ਹਾਂ। ਇਹ ਫੈਸਲਾ ਭੈਣ ਮਾਇਆਵਤੀ ਦੁਆਰਾ ਲਿਆ ਜਾਵੇਗਾ।