ਸੰਗਰੂਰ ’ਚ ਖੁੰਖਾਰ ਕੁੱਤਿਆਂ ਦਾ ਕਹਿਰ ਜਾਰੀ, ਇੱਕ ਹੋਰ ਬੱਚਾ ਨੋਚਿਆ
ਸੰਗਰੂਰ ’ਚ ਖੁੰਖਾਰ ਕੁੱਤਿਆਂ ਦਾ ਕਹਿਰ ਜਾਰੀ, ਇੱਕ ਹੋਰ ਬੱਚਾ ਨੋਚਿਆ
Publish Date: Mon, 02 Feb 2026 06:08 PM (IST)
Updated Date: Tue, 03 Feb 2026 04:08 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿੱਚ ਖੁੰਖਾਰ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕੁੱਤੇ ਬੱਚਿਆਂ ਤੇ ਔਰਤਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜਾ ਘਟਨਾ ਸੁੰਦਰ ਬਸਤੀ ਵਿੱਚ ਵਾਪਰੀ, ਜਿੱਥੇ ਘਰ ਦੇ ਬਾਹਰ ਖੇਡ ਰਹੇ ਮਸੂਮ ਬੱਚੇ ਨੂੰ ਕੁੱਤਿਆਂ ਨੇ ਨੋਚ ਖਾਧਾ ਅਤੇ ਬੱਚੇ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਲਗਾਤਾਰ ਵਧ ਰਹੀਆਂ ਅਜਿਹੀਆਂ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਨਗਰ ਕੌਸਲ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੁੰਦਰ ਬਸਤੀ ਵਿੱਚ ਰਹਿਣ ਵਾਲਾ ਪੰਜ ਸਾਲਾਂ ਦਾ ਮਾਸੂਮ ਬੱਚਾ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸੇ ਦੌਰਾਨ ਖੁੰਖਾਰ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ। ਬੱਚੇ ਦਾ ਰੌਲਾ ਸੁਣਕੇ ਲੋਕ ਇਕੱਠੇ ਹੋ ਗਏ ਅਤੇ ਬੱਚੇ ਨੂੰ ਕੁੱਤਿਆਂ ਦੇ ਚੁੰਗਲ ਚੋ ਛੁਡਾਇਆ। ਬੱਚੇ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਲੈ ਜਾਇਆ ਗਿਆ। ਬੱਚੇ ਦੇ ਕੰਨ, ਬਾਂਹ, ਲੱਤਾਂ ਦੇ ਡੂੰਘੇ ਜ਼ਖ਼ਮ ਹਨ। ਡਾਕਟਰਾਂ ਦੀ ਟੀਮ ਨੇ ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਅਖੀਰਲੇ ਹਫਤੇ ਸੁੰਦਰ ਬਸਤੀ ਦੀ ਵਸਨੀਕ ਔਰਤ ਅਨੀਤਾ ਪਤਨੀ ਮੱਖਣ ਸਿੰਘ ਨੂੰ ਕੁੱਤਿਆਂ ਨੇ ਪ੍ਰੇਮ ਬਸਤੀ ਵਿੱਚ ਜਾਂਦੇ ਸਮੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸਤੋX ਬਾਅਦ 9 ਜਨਵਰੀ ਨੂੰ ਸੁੰਦਰ ਬਸਤੀ ਵਿੱਚ ਪੰਜ ਸਾਲ ਦੇ ਬੱਚੇ ਰੋਹਿਤ ਪੁੱਤਰ ਸਾਗਰ ਨੂੰ ਉਸਦੇ ਘਰ ਕੋਲ ਖੇਡਦਿਆਂ ਨੋਚ ਖਾਧਾ ਸੀ। ਦੱਸ ਦੇਈਏ ਕਿ ਸਥਾਨਕ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦਾ ਲੋਕਾਂ ਅੰਦਰ ਭਾਰੀ ਖੌਫ ਨਜ਼ਰ ਆ ਰਿਹਾ ਹੈ। ਇਨ੍ਹਾਂ ਆਵਾਰਾ ਕੁੱਤਿਆਂ ਤੋਂ ਸ਼ਹਿਰ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਅਤੇ ਬੇਵੱਸ ਨਜ਼ਰ ਆ ਰਹੇ ਹਨ। ਸ਼ਹਿਰ ਦੇ ਹਰ ਮੁਹੱਲੇ, ਹਸਪਤਾਲ,ਬਨਾਸਰ ਬਾਗ ਅਤੇ ਹੋਰ ਜਨਤਕ ਥਾਵਾਂ ਦੇ ਨਾਲ -ਨਾਲ ਬਾਜ਼ਾਰਾਂ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਘੁੰਮ ਰਹੇ ਹਨ ਜ਼ੋ ਰੋਜ਼ਾਨਾ ਹੀ ਕਿਸੇ ਨਾ ਕਿਸੇ ਨੂੰ ਵੱਢ ਲੈਂਦੇ ਹਨ। ਪ੍ਰੰਤੂ ਇਹਨਾਂ ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਿਆ ਜਾ ਰਿਹਾ : ਕਾਂਗੜਾ ਭਾਰਤੀਯ ਅੰਬੇਡਕਰ ਮਿਸ਼ਨ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਇਹਨਾਂ ਆਵਾਰਾ ਕੁੱਤਿਆਂ ਪ੍ਰਤੀ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇਹਨਾਂ ਆਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਮਿਸ਼ਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਖਿਲਾਫ ਪੱਕੇ ਤੌਰ ਤੇ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਇਹਨਾਂ ਗਰੀਬ ਵਿਅਕਤੀਆਂ ਨੂੰ ਨਗਰ ਕੌਂਸਲ ਤੁਰੰਤ ਸੁਪਰੀਮ ਕੋਰਟ ਵੱਲੋਂ ਤਹਿ ਕੀਤਾ ਮੁਆਵਜ਼ੇ ਦੀ ਰਾਸ਼ੀ ਦੇਵੇ।