ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹੱਥ-ਪੈਰ ਪਏ ਸੁੰਨ੍ਹ
ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹੱਥ ਪੈਰ ਪਏ ਸੁੰਨ
Publish Date: Wed, 14 Jan 2026 03:52 PM (IST)
Updated Date: Thu, 15 Jan 2026 04:01 AM (IST)

ਦਿਨ ’ਚ ਨਿਕਲੀ ਧੁੱਪ ਵੀ ਠੰਢ ਅੱਗੇ ਬੇਅਸਰ, ਜਨਜੀਵਨ ਪ੍ਰਭਾਵਿਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲਾਂਕਿ, ਦੋ ਦਿਨਾਂ ਤੋਂ ਇਲਾਕੇ ਵਿੱਚ ਦੁਪਹਿਰ ਸਮੇਂ ਧੁੱਪ ਜਰੂਰ ਨਿਕਲ ਰਹੀ ਹੈ, ਪ੍ਰੰਤੂ ਠੰਢ ਦੇ ਅੱਗੇ ਧੁੱਪ ਵੀ ਬੇਅਸਰ ਹੈ। ਲੋਕ ਧੁੱਪ ਸੇਕ ਕੇ ਠੰਢ ਦੇ ਕਹਿਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਗਰੂਰ ਵਿੱਚ ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਵੱਧੋ-ਵੱਧ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ। ਘਰਾਂ ਅੰਦਰ ਬੈਠੇ ਲੋਕਾਂ ਦੇ ਹੱਥ-ਪੈਰ ਸੁੰਨ ਹੋ ਰਹੇ ਹਨ। ਕਿਸਾਨਾਂ ਮੁਤਾਬਕ ਇਹ ਠੰਢ ਜਿੱਥੇ ਕਣਕ ਦੀ ਫਸਲ ਲਈ ਚੰਗੀ ਮੰਨੀ ਜਾ ਰਹੀ ਹੈ, ਉੱਥੇ ਹੀ ਧੁੰਦ ਅਤੇ ਕੋਹਰੇ ਕਾਰਨ ਸਬਜੀਆਂ ਪ੍ਰਭਾਵਿਤ ਹੋਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਲਗਤਾਰ ਠੰਢ ਦੇ ਜਿਆਦਾ ਹੋਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਬੱਚਿਆਂ ਤੋਂ ਲੈ ਕੇ ਬਜੁਰਗਾਂ, ਮਰੀਜ ਠੰਢ ਨਾਲ ਉਨ੍ਹਾਂ ਦੀ ਸਿਹਤ ਖਾਸੀ ਪ੍ਰਭਾਵਿਤ ਹੋ ਰਹੀ ਹੈ। ਬੁੱਧਵਾਰ ਨੂੰ ਮਾਘ ਮਹੀਨੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਨਾਲ ਹੋਈ। ਹਾਲਾਂਕਿ, ਦੁਪਹਿਰ 12 ਵਜੇ ਤੱਕ ਧੁੰਦ ਗਈ ਤੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਪ੍ਰੰਤੂ ਠੰਢੀਆਂ ਹਵਾਵਾਂ ਕਾਰਨ ਧੁੱਪ ਵੀ ਬੇਅਸਰ ਜਿਹੀ ਜਾਪੀ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਲੋਕਾਂ ਨੂੰ ਠੰਢ ਤੋ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀ ਆ ਰਹੀ ਹੈ ਤੇ ਮੌਸਮ ਅਜਿਹਾ ਹੀ ਬਣਿਆ ਰਹੇਗਾ। ਠੰਢ ਕਣਕ ਲਈ ਵਰਦਾਨ, ਸਬਜ਼ੀਆਂ ਨੂੰ ਨੁਕਸਾਨ ਪਿੰਡ ਬਡਰੁੱਖਾਂ ਦੇ ਕਿਸਾਨ ਧੰਨਾ ਸਿੰਘ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਜ਼ਿਆਦਾ ਠੰਢ ਕਣਕ ਦੀ ਫਸਲ ਲਈ ਕਿਸੇ ਵਰਦਾਨ ਤੋਂ ਘੱਟ ਨਹੀ ਹੈ। ਜਿੰਨੀ ਜਿਆਦਾ ਠੰਢ ਪਵੇਗੀ, ਉਨ੍ਹਾਂ ਹੀ ਕਣਕ ਦਾ ਝਾੜ ਚੰਗਾ ਨਿਕਲੇਗਾ। ਜਿਸ ਨਾਲ ਆਰਥਿਕ ਤੰਗੀ ਝੱਲ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਦੂਜੇ ਪਾਸੇ, ਸਬਜੀ ਉਤਪਾਦਕਾਂ ਲਈ ਜ਼ਿਆਦਾ ਠੰਢ ਅਤੇ ਕੋਹਰਾ ਮੁਸੀਬਤ ਬਣਿਆ ਹੋਇਆ ਹੈ। ਠੰਢ ਕਾਰਨ ਆਲੂ, ਗੋਭੀ, ਗਾਜਰ ਆਦਿ ਮੌਸਮੀ ਸਬਜੀਆਂ ਪ੍ਰਭਾਵਿਤ ਹੋ ਰਹੀਆਂ ਹਨ। ਮੱਠੀ ਧੁੱਪ ਨੇ ਬਾਜ਼ਾਰਾਂ ’ਚ ਲਾਈਆਂ ਰੌਣਕਾਂ ਬੁੱਧਵਾਰ ਸਵੇਰ ਦੇ ਸਮੇਂ ਸੰਘਣੀ ਧੁੰਦ ਹੋਣ ਕਾਰਨ ਸੜਕਾਂ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਨਜਰ ਆਈ। ਦਿਨ ਦੇ ਸਮੇਂ ਵੀ ਵਾਹਨ ਚਾਲਕਾਂ ਲਾਈਟਾਂ ਚਲਾ ਕੇ ਕੀੜੀ ਦੀ ਚਾਲ ਚਲਦੇ ਵਿਖਾਈ ਦਿੱਤੇ, ਪ੍ਰੰਤੂ ਦੁਪਹਿਰ ਤੱਕ ਧੁੱਪ ਨਿਕਲਣ ਕਾਰਨ ਸੁੰਨੇ ਪਏ ਬਾਜ਼ਾਰਾਂ ’ਚ ਲੋਕਾਂ ਦੀ ਰੌਣਕ ਮੁੜ ਆਈ। ਹਾਲਾਂਕਿ, ਠੰਢ ਦੇ ਅੱਗੇ ਧੁੱਪ ਦਾ ਅਸਰ ਮੱਠਾ ਰਿਹਾ ਪ੍ਰੰਤੂ ਲੋਕਾਂ ਨੂੰ ਠੰਢ ਤੋ ਥੋੜ੍ਹੀ ਬਹੁਤੀ ਰਾਹਤ ਮਿਲਦੀ ਜ਼ਰੂਰ ਵੇਖੀ ਗਈ।