ਅਤੀਤ 'ਚ ਡੁੱਬਿਆ ਵਰਤਮਾਨ " ਕਾਵਿ ਸੰਗ੍ਰਹਿ ਦੀ ਪਹਿਲੀ ਕਾਪੀ ਕੀਤੀ ਭੇਟ
ਅਤੀਤ 'ਚ ਡੁੱਬਿਆ ਵਰਤਮਾਨ " ਕਾਵਿ ਸੰਗ੍ਰਹਿ ਦੀ ਪਹਿਲੀ ਕਾਪੀ ਕੀਤੀ ਭੇਟ
Publish Date: Thu, 26 Mar 2026 03:55 PM (IST)
Updated Date: Fri, 27 Mar 2026 03:59 AM (IST)

ਸੱਤਪਾਲ ਸਿੰਘ ਕਾਲਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਲਮਾਂ ਦਾ ਕਾਫਲਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਇਸ ਕਾਫ਼ਲੇ ਵਿਚ ਕੁਲਵੰਤ ਬੂੰਗਾ ਨਾਂ ਦੇ ਹਸਤਾਖਰ ਨੇ ਪ੍ਰਵੇਸ਼ ਕੀਤਾ ਹੈ। ਬੂੰਗਾ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ )ਦੀ ਸਿਰਜੀ ਸਾਹਿਤਕ ਲਹਿਰ ਚੋਂ ਆਪਣੀ ਪਹਿਚਾਣ ਬਣਾਉਣ ਵਾਲਾ ਸ਼ਖਸ ਹੈ ,ਸਾਹਿਤ ਸਭਾ ਸ਼ੇਰਪੁਰ ਅਤੇ ਤਰਕਸ਼ੀਲ ਸੋਸਾਇਟੀ ਸ਼ੇਰਪੁਰ ਦੇ ਮੁਢਲੇ ਮੈਂਬਰਾਂ ਵਿੱਚ ਸ਼ੁਮਾਰ ਹੋਣ ਕਾਰਨ ਇਹਨਾਂ ਸੰਸਥਾਵਾਂ ਵਿੱਚ ਇਸ ਦੀ ਭਰਪੂਰ ਹਾਜ਼ਰੀ ਲੱਗਦੀ ਰਹੀ ਹੈ। ਇਸੇ ਲਈ ਉਹਨਾਂ ਆਪਣੀ ਕਾਵਿ- ਪੁਸਤਕ ਅਤੀਤ ਚ ਡੁੱਬਿਆ ਵਰਤਮਾਨ ਦੀ ਪਹਿਲੀ ਕਾਪੀ ਉਸਤਾਦ ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ ਅਤੇ ਸਾਹਿਤ ਸਭਾ ਸ਼ੇਰਪੁਰ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੂੰ ਭੇਟ ਕੀਤੀ। ਉਸਤਾਦ ਔਲਖ ਨੇ ਕੁਲਵੰਤ ਬੂੰਗੇ ਦੀ ਨਜ਼ਮ ਅੱਖਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਖਰ ਗਿਆਨ ਜਿਆਦਾਤਰ ਰੁਜ਼ਗਾਰ ਦੇ ਸਾਧਨਾਂ ਤੇ ਕਾਬਜ ਹੋ ਕੇ ਜ਼ਿੰਦਗੀ ਬਸ਼ਰ ਕਰਨ ਦਾ ਜਰੀਆ ਹੀ ਬਣਦਾ ਹੈ ਪ੍ਰੰਤੂ ਜੇਕਰ ਅੱਖਰ ਗਿਆਨ ਵਿਚਾਰਧਾਰਾ ਧਰਾਤਲ ਤੇ ਵਿਗਸੇ ਤੇ ਵਿਗਿਆਨਿਕ ਸੋਚ ਰਾਹੀਂ ਲੋਕ ਪੱਖੀ ਸੋਚ ਦਾ ਪਾਂਧੀ ਬਣ ਜਾਵੇ ਤਾਂ ਸਮਕਾਲ ਦੇ ਹਰ ਵਰਤਾਰੇ ਨੂੰ ਆਪਣੀ ਸੋਚ ਦੇ ਜਾਵੀਏ ਤੋਂ ਹੀ ਨਿਰਖ- ਪਰਖ ਕੇ ਅਤੀਤ ਵਿੱਚ ਵਰਤੇ ਵਰਤਾਰਿਆਂ ਨਾਲ ਮੇਲ ਕੇ ਭਵਿੱਖ ਮੁਖੀ ਨਿਰਨੇ ਲੈਣ ਦੇ ਕਾਬਲ ਹੋ ਜਾਂਦਾ ਹੈ। ਬੂੰਗੇ ਦੀ ਨਜ਼ਮ ਅੱਖਰ ਇਸਦੀ ਗਵਾਹੀ ਇੰਝ ਭਰਦੀ ਹੈ , ਅੱਖਰ, ਜਦ ਸ਼ਬਦ ਬਣ ਲਲਕਾਰੇ ਸੀ, ਤਾਂ ਰੂਹ ਕੰਬ ਗਈ ਸੀ ਬਾਬਰ ਦੀ । ਉਹਨਾਂ ਕਿਤਾਬ ਵਿਚਲੇ ਟੱਪਿਆਂ ਦੀ ਵੰਨਗੀ ਪੇਸ਼ ਕੀਤੀ , ਫੁੱਲ ਡਿੱਗਦੇ ਗੁਲਾਬ ਦੇ ਨੇ, ਸਾਨੂੰ ਸਰਕਾਰਾਂ ਲੁੱਟਿਆ , ਮਾੜੇ ਹਾਲਤ ਪੰਜਾਬ ਦੇ ਨੇ। ਸਾਹਿਤ ਸਭਾ ਸ਼ੇਰਪੁਰ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਕੁਲਵੰਤ ਸਿੰਘ ਬੂੰਗੇ ਨੇ ਕਿਹਾ ਕਿ ਇਹ ਕਿਤਾਬ ਵਿਚਲੀਆਂ ਰਚਨਾਵਾਂ ਧਾਰਮਿਕ ਕੱਟੜਵਾਦ ਰੂੜੀਵਾਦੀ ਵਿਚਾਰਧਾਰਾ ਨੰਗੇਜਵਾਦ ਅੰਧ ਵਿਸ਼ਵਾਸ ਅਤੇ ਰਾਜਨੀਤਿਕ ਨਿਘਾਰ ਤੋਂ ਨਿਰਲੇਪ ਹੋਣ ਕਾਰਨ ਇਹ ਸਾਹਿਤ ਜਗਤ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਤੇ ਹਰ ਪਾਠਕ ਦੀ ਪਸੰਦ ਬਣੇਗੀ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ 21ਵੀਂ ਸਦੀ ਚੜਦਿਆਂ ਹੀ ਕੁਲਵੰਤ ਬੂੰਗਾ ਵੱਲੋਂ ਪ੍ਰਸਿੱਧ ਲੇਖਕ ਅਤੇ ਗਾਇਕ ਸਵ. ਹਾਕਮ ਸੂਫੀ ਦੀ ਜ਼ਿੰਦਗੀ ਤੇ ਸੰਪਾਦਿਤ ਕੀਤੀ ਪੁਸਤਕ ਮੁਹੱਬਤ ਦੀ ਮਮਟੀ ਤੇ ਬਲਦਾ ਚਿਰਾਗ ਵੀ ਕਾਫੀ ਚਰਚਿਤ ਰਹੀ ਹੈ। ਉਸਤਾਦ ਔਲਖ ਨੇ ਦੱਸਿਆ ਕਿ ਬੂੰਗਾ ਦੀ ਕਿਤਾਬ ਅਤੀਤ ਚ ਡੁੱਬਿਆ ਵਰਤਮਾਨ 29 ਮਾਰਚ ਨੂੰ ਧੂਰੀ ਵੱਲੋਂ ਲੋਕ ਅਰਪਣ ਕੀਤੀ ਜਾਵੇਗੀ ।