ਵਿਦੇਸ਼ਾਂ ਦੇ ਮੋਹ ਨੇ ਮਾਪਿਆਂ ਤੋਂ ਬੱਚਿਆਂ ਨੂੰ ਲਿਆ ਖੋਹ
ਵਿਦੇਸ਼ਾਂ ਦੇ ਮੋਹ ਨੇ ਬੱਚਿਆਂ ਨੂੰ ਮਾਪਿਆਂ ਤੋਂ ਲਿਆ ਖੋਹ
Publish Date: Mon, 20 Apr 2026 04:18 PM (IST)
Updated Date: Tue, 21 Apr 2026 04:01 AM (IST)

ਬੱਚਿਆਂ ਨੂੰ ਆਪਣੇ ਸੰਸਕਾਰ ਜਿਉਂਦੇ ਰੱਖਣ ਦੀ ਲੋੜ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਪੰਜ ਦਰਿਆਵਾਂ ਦੀ ਧਰਤੀ ਅੱਜ ਇਕ ਚੁੱਪ ਦਰਦ ਦੀ ਗਵਾਹ ਬਣੀ ਖੜੀ ਹੈ। ਉਹ ਮਾਪੇ ਜਿਨ੍ਹਾਂ ਨੇ ਆਪਣਾ ਢਿੱਡ ਕੱਟ ਕੇ ਆਪਣੀਆਂ ਜ਼ਮੀਨਾਂ ਤੇ ਗਹਿਣੇ ਗਿਰਵੀ ਰੱਖ ਕੇ ਬੱਚਿਆ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਭੇਜਿਆ, ਅੱਜ ਉਹੀ ਮਾਪੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਬੱਚੇ ਵਿਦੇਸ਼ਾਂ ਦੇ ਮੋਹ ਵਿੱਚ ਇਸ ਕਦਰ ਗੁਆਚ ਗਏ ਹਨ ਕਿ ਉਹ ਉੱਥੇ ਜੋਗੇ ਹੀ ਰਹਿ ਗਏ ਹਨ। ਸ਼ਾਇਦ ਉਹ ਭੁੱਲ ਗਏ ਹਨ ਕਿ ਉਹ ਕਿਸ ਸਭਿਆਚਾਰ ਦਾ ਅੰਗ ਹਨ। ਇਹ ਕੇਵਲ ਇਕ ਘਰ ਦੀ ਨਹੀਂ, ਬਲਕਿ ਸੈਂਕੜਿਆ ਪਿੰਡਾਂ ਦੀ ਕਹਾਣੀ ਹੈ। ਜਦੋਂ ਵਿਦੇਸ਼ੀ ਸੁਪਨਿਆ ਦੀ ਚਮਕ ਮਾਂ ਦੀ ਮਮਤਾ ਤੇ ਪਿਉ ਦੀ ਮਿਹਨਤ ਤੋਂ ਵੱਡੀ ਹੋ ਜਾਵੇ ਤਾਂ ਸਮਾਜ ਦੀ ਰੂਹ ਕੰਬਦੀ ਹੈ। ਮਾਪਿਆਂ ਦੇ ਸੁਪਨੇ ਵਿਦੇਸ਼ਾਂ ਚ ਹੋਏ ਗੁੰਮ: ਬਨਭੌਰੀ ਅਧਿਆਪਕ ਅਮਨਦੀਪ ਕੌਰ ਬਨਭੌਰੀ ਨੇ ਕਿਹਾ ਕਿ ਜਦ ਬੱਚਾ ਸਫਲਤਾ ਨੂੰ ਸਿਰਫ਼ ਡਾਲਰਾਂ ਨਾਲ ਤੋਲਦਾ ਹੈ, ਤਾਂ ਮਾਂ ਦੀ ਮਮਤਾ ਤੇ ਪਿਉ ਦੀ ਕੁਰਬਾਨੀ ਉਸਨੂੰ ਛੋਟੀ ਲੱਗਣ ਲੱਗਦੀ ਹੈ। ਇਕ ਨੈਤਿਕ ਪਤਨ ਦਾ ਸੰਕੇਤ ਹੈ। ਸਿੱਖਿਆ ਸਾਨੂੰ ਕਮਾਉਣਾ ਨਹੀ ਨਿਭਾਉਣਾ ਵੀ ਸਿਖਾਉਂਦੀ ਹੈ। ਮਾਂ- ਬਾਪ ਬੱਚੇ ਦਾ ਹਮੇਸ਼ਾ ਭਲਾ ਸੋਚਦੇ ਹਨ : ਟਿੱਬਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਮਾਂ-ਬਾਪ ਦੀ ਮਿਹਨਤ ਤੇ ਖੜ੍ਹੀ ਵਿਦੇਸ਼ੀ ਕਾਮਯਾਬੀ, ਜਦੋਂ ਉਨ੍ਹਾਂ ਨੂੰ ਭੁੱਲ ਜਾਵੇ ਤਾਂ ਉਹ ਸਫਲਤਾ ਨਹੀਂ ਸ਼ਰਮ ਬਣ ਜਾਂਦੀ ਹੈ। ਇਹ ਰੁਝਾਨ ਸਾਡੇ ਸੰਸਕਾਰਾਂ ਦੀ ਹਾਰ ਹੈ। ਅਸੀਂ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਇਆ। ਮਾਪਿਆਂ ਦਾ ਧਿਆਨ ਰੱਖਣਾ ਜ਼ਰੂਰੀ : ਕਾਲਾਬੂਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਆਗੂ ਨਰਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਮਾਪਿਆਂ ਦੀ ਕੁਰਬਾਨੀ ਨੂੰ ਭੁੱਲ ਜਾਣਾ ਮਨੁੱਖੀ ਨੈਤਿਕਤਾ ਦਾ ਪਤਨ ਹੈ। ਬੱਚਿਆਂ ਨੂੰ ਕੇਵਲ ਕੈਰੀਅਰ ਨਹੀਂ ਫਰਜ਼ ਵੀ ਸਿਖਾਉਣੇ ਚਾਹੀਦੇ ਹਨ। ਵਿਦੇਸ਼ ਜਾਣਾ ਗਲਤ ਨਹੀਂ ਪਰ ਆਪਣੇ ਮੂਲ ਨਾਲੋਂ ਨਾਤਾ ਤੋੜਨਾ ਸਮਾਜ ਲਈ ਖਤਰਾ ਹੈ। ਬੱਚਿਆਂ ਲਈ ਮਾਪੇ ਸਭ ਕੁਰਬਾਨ ਕਰ ਦਿੰਦੇ ਹਨ : ਗੰਡੇਵਾਲ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਹਲਕਾ ਮਹਿਲ ਕਲਾਂ ਤੋਂ ਬਲਾਕ ਪ੍ਰਧਾਨ ਪੂਰਨ ਸਿੰਘ ਖਾਲਸਾ ਗੰਡੇਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਮਾਤਾ-ਪਿਤਾ ਦੀ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਦੱਸਿਆ ਹੈ। ਜੇ ਬੱਚੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਹਨ, ਉਹ ਆਪਣੀ ਰੂਹ ਨੂੰ ਭੁੱਲ ਜਾਂਦੇ ਹਨ।