ਨਾਮਧਾਰੀ ਸੰਪਰਦਾ ਦੀ ਦਲੇਰੀ ਨੂੰ ਰਹਿੰਦੀ ਦੁਨੀਆ ਤਕ ਯਾਦ ਰੱਖਿਆ ਜਾਵੇਗਾ : ਮੁੰਡੀਆਂ
ਨਾਮਧਾਰੀ ਸੰਪਰਦਾ ਦੀ ਦਲੇਰੀ ਤੇ ਤਿਆਗ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ:ਹਰਦੀਪ ਮੁੰਡੀਆਂ
Publish Date: Sat, 17 Jan 2026 05:46 PM (IST)
Updated Date: Sun, 18 Jan 2026 04:10 AM (IST)

66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ’ਚ ਰਾਜ ਪੱਧਰੀ ਸ਼ਹੀਦੀ ਸਮਾਗਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਨਾਮਧਾਰੀ ਸੰਪਰਦਾ ਵੱਲੋਂ ਦੇਸ਼ ਦੀ ਆਜ਼ਾਦੀ, ਧਰਮ ਤੇ ਮਨੁੱਖੀ ਕਦਰਾਂ ਦੀ ਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਭਾਰਤੀ ਇਤਿਹਾਸ ਵਿਚ ਸਦਾ ਸੁਨਹਿਰੀ ਅੱਖਰਾਂ ਨਾਲ ਦਰਜ਼ ਰਹਿਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ (ਪੰਜਾਬ) ਹਰਦੀਪ ਸਿੰਘ ਮੁੰਡੀਆਂ ਨੇ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿਚ ਕਰਵਾਏ ਗਏ ਰਾਜ ਪੱਧਰੀ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ, ਨਿਮਰਤਾ ਤੇ ਤਿਆਗ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਦਰਸਾਏ ਅਹਿੰਸਾ, ਨਾ-ਮਿਲਵਰਤਨ ਅਤੇ ਨਾ-ਫੁਰਮਾਨੀ ਦੇ ਰਸਤੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਲੋਕਾਂ ਵਿਚ ਜਾਗਰੂਕਤਾ ਦੀ ਚਿੰਗਾਰੀ ਮਾਲੇਰਕੋਟਲਾ ਦੀ ਇਸ ਪਵਿੱਤਰ ਧਰਤੀ ਤੋਂ ਹੀ ਉੱਠੀ ਸੀ। ਉਨ੍ਹਾਂ ਕਿਹਾ ਕਿ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਕੁਰਬਾਨੀ ਸਿਰਫ਼ ਇਕ ਧਾਰਮਿਕ ਸੰਪਰਦਾ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਬੁਨਿਆਦ ਹੈ। ਅੱਜ ਦੀ ਪੀੜ੍ਹੀ ਲਈ ਇਹ ਬਲਿਦਾਨ ਪ੍ਰੇਰਣਾ ਸਰੋਤ ਹਨ ਕਿ ਅਸੀਂ ਸੱਚ, ਇਮਾਨਦਾਰੀ ਅਤੇ ਦੇਸ਼ ਸੇਵਾ ਦੇ ਰਸਤੇ ’ਤੇ ਅੱਗੇ ਵਧੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਗਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂਆਂ ਤੇ ਨਾਮਧਾਰੀ ਸੰਪਰਦਾ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਆਪਣੀ ਜ਼ਿੰਦਗੀ ਨੂੰ ਉੱਚੇ ਆਦਰਸ਼ਾਂ ਨਾਲ ਜੋੜਨ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ’ਚ ਆਪਣਾ ਅਹਿਮ ਰੋਲ ਅਦਾ ਕਰਨ। ਸਮਾਗਮ ਦੌਰਾਨ ਮੌਜੂਦਾ ਗੱਦੀਨਸ਼ੀਨ ਨਾਮਧਾਰੀ ਉਦੈ ਸਿੰਘ ਵੀ ਮੌਜੂਦ ਸਨ। ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਅਤੇ ਨਾਮਧਾਰੀ ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰ,ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ, ਏਡੀਸੀ ਨਵਰੀਤ ਕੌਰ ਸੇਖੋਂ, ਐੱਸਪੀ ਸਤਪਾਲ ਸ਼ਰਮਾ, ਐੱਸਡੀਐੱਮ ਗੁਰਮੀਤ ਕੁਮਾਰ ਬਾਂਸਲ, ਨਾਮਧਾਰੀ ਸੁਰਿੰਦਰ ਸਿੰਘ ਹਾਜ਼ਰ ਸਨ।