ਸੁਨਾਮ-ਲਹਿਰਾ-ਜਾਖਲ ਸੜਕ ਦੀ ਸੁਧਰੇਗੀ ਦਸ਼ਾ : ਦਾਮਨ ਬਾਜਵਾ
ਸੁਨਾਮ - ਲਹਿਰਾ- ਜਾਖਲ ਸੜਕ ਦੀ ਸੁਧਰੇਗੀ ਦਸ਼ਾ: ਦਾਮਨ ਬਾਜਵਾ
Publish Date: Sun, 25 Jan 2026 04:00 PM (IST)
Updated Date: Mon, 26 Jan 2026 04:01 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆਂ ਕਿ ਹਲਕਾ ਸੁਨਾਮ, ਦਿੜ੍ਹਬਾ ਤੇ ਲਹਿਰਾ ਦੇ ਨਿਵਾਸੀਆਂ ਲਈ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਇਕ ਵੱਡੀ ਵਿਕਾਸ ਦੀ ਸੌਗਾਤ ਦਿੱਤੀ ਗਈ ਹੈ। 24.50 ਕਰੋੜ ਦੀ ਲਾਗਤ ਨਾਲ ਸੁਨਾਮ–ਛਾਜਲੀ–ਲਹਿਰਾ–ਜਾਖਲ ਸੜਕ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਜਲਦ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਪ੍ਰਾਜੈਕਟ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ। ਸੜਕ ਦੀ ਮਾੜੀ ਹਾਲਤ ਕਾਰਨ ਆਮ ਲੋਕਾਂ, ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਰੋਜ਼ਾਨਾ ਜੀਵਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਦਾਮਨ ਬਾਜਵਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੀ ਪੂਰੀ ਲਾਗਤ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜ਼ਰੀਏ ਚੁੱਕੀ ਜਾ ਰਹੀ ਹੈ, ਇਹ ਕੇਂਦਰ ਸਰਕਾਰ ਦੀ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੁਨਾਮ–ਜਾਖਲ ਸੜਕ ਦੇ ਬਣਨ ਨਾਲ ਇਲਾਕੇ ਦੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਕਿਸਾਨਾਂ ਤੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਮ ਲੋਕਾਂ ਲਈ ਯਾਤਰਾ ਹੋਰ ਸੁਰੱਖਿਅਤ ਤੇ ਸੁਗਮ ਬਣੇਗੀ।