ਸ਼ਹਿਰ ਦੀ ਕੋਲਾ ਪਾਰਕ ਤੇ ਕਿਲਾ ਮਾਰਕੀਟ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ
ਸ਼ਹਿਰ ਦੀ ਕੋਲਾ ਪਾਰਕ ਤੇ ਕਿਲਾ ਮਾਰਕੀਟ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ
Publish Date: Tue, 10 Feb 2026 04:04 PM (IST)
Updated Date: Wed, 11 Feb 2026 04:00 AM (IST)

ਕੌਲਾ ਪਾਰਕ ’ਚ ਸੀਵਰੇਜ ਜਾਮ, ਗੰਦਗੀ ਕਾਰਨ ਨਹੀਂ ਆ ਰਹੇ ਗ੍ਰਾਹਕ, ਦੁਕਾਨਦਾਰ ਪਰੇਸ਼ਾਨ ਜਸਵੀਰ ਸਿੰਘ\ਬਲਜਿੰਦਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਦਹਾਕਿਆਂ ਪਹਿਲਾਂ ਨਗਰ ਸੁਧਾਰ ਟਰਸਟ ਵੱਲੋਂ ਸ਼ਹਿਰ ਵਿਚ ਸਥਾਪਿਤ ਕੀਤੀਆਂ ਕੋਲਾ ਪਾਰਕ ਤੇ ਕਿਲਾ ਮਾਰਕੀਟ ਅੱਜ ਬਦਹਾਲੀ ਦੇ ਦੌਰ ਵਿਚੋਂ ਲੰਘ ਰਹੀਆਂ ਹਨ। ਕਦੇ ਇਹ ਮਾਰਕੀਟਾਂ ਸ਼ਹਿਰ ਦੀਆਂ ਮੁੱਖ ਵਪਾਰਕ ਗਤੀਵਿਧੀਆਂ ਦਾ ਕੇਂਦਰ ਰਹੀਆਂ, ਪਰ ਸਮੇਂ ਦੇ ਨਾਲ ਹਾਲਾਤ ਏਨੇ ਖ਼ਰਾਬ ਹੋ ਗਏ ਹਨ ਕਿ ਹੁਣ ਇੱਥੇ ਕਾਰੋਬਾਰ ਕਰਨਾ ਦੁਕਾਨਦਾਰਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਦੁਕਾਨਾਂ ਅੱਗੇ ਭਰਿਆ ਸੀਵਰੇਜ ਦਾ ਗੰਦਾ ਪਾਣੀ, ਥਾਂ-ਥਾਂ ਫੈਲੀ ਗੰਦਗੀ, ਸਫਾਈ ਪ੍ਰਣਾਲੀ ਦੀ ਘਾਟ ਤੇ ਖ਼ਰਾਬ ਲਾਈਟਾਂ ਹੁਣ ਇਨ੍ਹਾਂ ਮਾਰਕੀਟਾਂ ਦੀ ਪਹਿਚਾਣ ਬਣ ਚੁੱਕੀਆਂ ਹਨ। ਦੁਕਾਨਦਾਰਾਂ ਦੇ ਨਾਲ-ਨਾਲ ਇੱਥੇ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਭਰੇ ਮਾਹੌਲ ਕਾਰਨ ਦੁਕਾਨਦਾਰਾਂ ਦੀ ਜ਼ਿੰਦਗੀ ਨਰਕ ਵਰਗੀ ਬਣ ਗਈ ਹੈ। ਰੋਜ਼ਾਨਾ ਲੱਖਾਂ ਰੁਪਏ ਦੇ ਕਾਰੋਬਾਰ ਵਾਲੀਆਂ ਇਨ੍ਹਾਂ ਮਾਰਕੀਟਾਂ ਦੀ ਸਥਾਪਨਾ ਤੋਂ ਬਾਅਦ ਨਗਰ ਸੁਧਾਰ ਟਰੱਸਟ ਨੇ ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੂੰ ਸੌਪ ਦਿੱਤੀ ਸੀ, ਪਰ ਅੱਜ ਨਾ ਤਾਂ ਨਗਰ ਕੌਂਸਲ ਇਨ੍ਹਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦੇ ਰਹੀ ਹੈ ਤੇ ਨਾ ਹੀ ਟਰੱਸਟ ਵੱਲੋਂ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ। ਨਤੀਜੇ ਵਜੋਂ ਦੁਕਾਨਦਾਰ ਰੋਜ਼ਾਨਾ ਨਗਰ ਕੌਂਸਲ, ਪ੍ਰਸ਼ਾਸਨ ਅਤੇ ਸਰਕਾਰ ਨੂੰ ਕੋਸਦੇ ਹੋਏ ਦਿਨ ਲੰਘਾ ਰਹੇ ਹਨ। ਸੀਵਰੇਜ ਦੇ ਪਾਣੀ ਨਾਲ ਭਰਿਆ ਕੌਲਾ ਪਾਰਕ, ਦੁਕਾਨਦਾਰ ਤੰਗ ਕੌਲਾ ਪਾਰਕ ਮਾਰਕੀਟ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ। ਮਾਰਕੀਟ ਦੀਆਂ ਸੜਕਾਂ ਉੱਤੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ, ਜਿਸ ਨਾਲ ਨਾ ਸਿਰਫ਼ ਭਿਆਨਕ ਬਦਬੂ ਫੈਲਦੀ ਹੈ, ਸਗੋਂ ਦੁਕਾਨਦਾਰਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਹੀ ਆਪਣੀਆਂ ਦੁਕਾਨਾਂ ਤੱਕ ਪਹੁੰਚਣਾ ਪੈਂਦਾ ਹੈ। ਇਸ ਮਾਰਕੀਟ ਵਿੱਚ ਅੱਧਾ ਦਰਜਨ ਤੋਂ ਵੱਧ ਬੈਂਕ, ਲਗਜ਼ਰੀ ਹੋਟਲ, ਮੋਬਾਈਲ ਸ਼ਾਪ ਹੱਬ, ਗਾਰਮੈਂਟਸ ਦੀਆਂ ਦੁਕਾਨਾਂ, ਖਾਦ ਪਦਾਰਥਾਂ ਦੀਆਂ ਦਰਜਨਾਂ ਦੁਕਾਨਾਂ, ਸ਼ਰਾਬ ਦੇ ਠੇਕੇ, ਕੰਪਿਊਟਰ ਹਾਰਡਵੇਅਰ ਅਤੇ ਹੈਂਡਲੂਮ ਦੀਆਂ ਦੁਕਾਨਾਂ ਸਥਿਤ ਹਨ। ਦੁਕਾਨਦਾਰ ਬਲਵਿੰਦਰ ਸਿੰਘ, ਰਵੀ ਕੁਮਾਰ, ਧੀਰਜ ਕੁਮਾਰ, ਲਵਲੀ ਕੁਮਾਰ, ਰਾਹੁਲ ਗਰਗ, ਸ਼ਮਸ਼ੇਰ ਕੁਮਾਰ ਅਤੇ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਨਰਕ ਵਰਗੇ ਮਾਹੌਲ ਵਿੱਚ ਬੈਠਣ ਲਈ ਮਜਬੂਰ ਹਨ। ਕਈ ਦਿਨਾਂ ਤੋਂ ਪੂਰੀ ਮਾਰਕੀਟ ਵਿੱਚ ਸੀਵਰੇਜ ਓਵਰਫ਼ਲੋ ਹੋ ਰਿਹਾ ਹੈ। ਸੜਕਾਂ ਤੇ ਦੁਕਾਨਾਂ ਦੇ ਸਾਹਮਣੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਗਾਹਕ ਵੀ ਇੱਥੇ ਆਉਣ ਤੋਂ ਕਤਰਾਉਣ ਲੱਗ ਪਏ ਹਨ। ਜਿਸਦਾ ਸਿੱਧਾ ਅਸਰ ਉਨ੍ਹਾਂ ਦੇ ਕੰਮਕਾਜ ਤੇ ਪੈ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਕੀਟ ਵਿੱਚ ਪਾਣੀ ਦੀ ਨਿਕਾਸੀ ਲਈ ਬੋਰ ਲਾਏ ਗਏ ਸਨ, ਪਾਈਪਲਾਈਨ ਵਿਛਾਈ ਗਈ ਅਤੇ ਫਰਸ਼ ਉੱਚਾ ਕਰਕੇ ਇੰਟਰਲਾਕ ਟਾਇਲਾਂ ਲਾਉਣ ’ਤੇ ਲੱਖਾਂ ਰੁਪਏ ਖਰਚ ਕੀਤੇ ਗਏ, ਪਰ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ। ਬਰਸਾਤ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ, ਜਦੋਂ ਗੰਦਾ ਪਾਣੀ ਦੁਕਾਨਾਂ ਦੇ ਅੰਦਰ ਤੱਕ ਪਹੁੰਚ ਜਾਂਦਾ ਹੈ। ਕੋਲਾ ਪਾਰਕ ਮੋਬਾਈਲ ਸ਼ਾਪ ਐਸੋਸੀਏਸ਼ਨ ਦੇ ਪ੍ਰਧਾਨ ਤਰਸ਼ਪਾਲ ਸਿੰਘ, ਲਵਲੀ ਕੁਮਾਰ ਅਤੇ ਹਨੀ ਕੁਮਾਰ ਨੇ ਕਿਹਾ ਕਿ ਮਾਰਕੀਟ ਵਿੱਚ ਸਫਾਈ ਪ੍ਰਣਾਲੀ ਲਗਭਗ ਨਾ-ਮਾਤਰ ਹੈ। ਕੂੜਾ ਥਾਂ-ਥਾਂ ਪਿਆ ਰਹਿੰਦਾ ਹੈ ਅਤੇ ਨਿਯਮਿਤ ਸਫਾਈ ਨਹੀਂ ਹੁੰਦੀ। ਰਾਤ ਦੇ ਸਮੇਂ ਖਰਾਬ ਲਾਈਟਾਂ ਕਾਰਨ ਹਨੇਰਾ ਛਾਇਆ ਰਹਿੰਦਾ ਹੈ, ਜਿਸ ਨਾਲ ਚੋਰੀ ਅਤੇ ਅਸਮਾਜਿਕ ਗਤੀਵਿਧੀਆਂ ਦਾ ਡਰ ਬਣਿਆ ਰਹਿੰਦਾ ਹੈ। ਬੈਂਕਾਂ ਅਤੇ ਹੋਟਲਾਂ ਦੀ ਮੌਜੂਦਗੀ ਦੇ ਬਾਵਜੂਦ ਇੱਥੇ ਸੁਰੱਖਿਆ ਰੱਬ ਭਰੋਸੇ ਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਿਲਾ ਮਾਰਕੀਟ: ਕਾਰੋਬਾਰ ਪ੍ਰਭਾਵਿਤ, ਗਾਹਕ ਹੋ ਰਹੇ ਦੂਰ ਜੇਕਰ ਸ਼ਹਿਰ ਦੀ ਕਿਲਾ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸੀਵਰੇਜ ਪ੍ਰਣਾਲੀ ਠੀਕ ਹੈ, ਪਰ ਚਾਰੋਂ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਿਟੀ ਥਾਣੇ ਵੱਲ ਜਾਣ ਵਾਲਾ ਰਸਤਾ ਗੰਦਗੀ ਦਾ ਡੰਪ ਬਣ ਚੁੱਕਾ ਹੈ। ਸਰਕਾਰੀ ਬਾਥਰੂਮ ਬੰਦ ਪਏ ਹਨ, ਜਿਸ ਕਾਰਨ ਦੁਕਾਨਦਾਰ ਅਤੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਰਾਤ ਸਮੇਂ ਲਾਈਟਾਂ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ। ਰੋਜ਼ਾਨਾ ਲੱਖਾਂ ਰੁਪਏ ਦੇ ਕਾਰੋਬਾਰ ਲਈ ਮਸ਼ਹੂਰ ਇਹ ਮਾਰਕੀਟ ਬੁਨਿਆਦੀ ਸੁਵਿਧਾਵਾਂ ਦੀ ਘਾਟ ਕਾਰਨ ਬਦਹਾਲੀ ਦਾ ਸ਼ਿਕਾਰ ਹੈ। ਨਿਯਮਿਤ ਸਫਾਈ ਨਾ ਹੋਣ ਕਰਕੇ ਹਰ ਪਾਸੇ ਗੰਦਗੀ ਫੈਲੀ ਰਹਿੰਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਗੰਦੇ ਮਾਹੌਲ ਵਿੱਚ ਬੈਠ ਕੇ ਕੰਮ ਕਰਨਾ ਮਾਨਸਿਕ ਅਤੇ ਸਰੀਰਕ ਦੋਵਾਂ ਪੱਖੋਂ ਨੁਕਸਾਨਦਾਇਕ ਹੈ। ਲਾਈਟਾਂ ਦੀ ਘਾਟ ਕਾਰਨ ਸ਼ਾਮ ਢਲਦਿਆਂ ਸਾਰੀ ਮਾਰਕੀਟ ਹਨੇਰੇ ਵਿੱਚ ਡੁੱਬ ਜਾਂਦੀ ਹੈ, ਜਿਸ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਂਦੀ ਹੈ। ਦੋਵੇਂ ਮਾਰਕੀਟਾਂ ’ਚ ਗੰਭੀਰਤਾ ਨਾਲ ਦਿੱਤਾ ਜਾਵੇ ਧਿਆਨ ਦੋਵਾਂ ਮਾਰਕੀਟਾਂ ਦੇ ਦੁਕਾਨਦਾਰਾਂ ਦੀ ਮੰਗ ਹੈ ਕਿ ਨਗਰ ਕੌਂਸਲ ਅਤੇ ਨਗਰ ਸੁਧਾਰ ਟਰਸਟ ਤੁਰੰਤ ਦਖ਼ਲ ਦੇਣ। ਨਿਯਮਿਤ ਸਫਾਈ, ਸੀਵਰੇਜ ਦੀ ਮੁਰੰਮਤ ਅਤੇ ਪੂਰੀ ਰੌਸ਼ਨੀ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਬਿਹਤਰ ਸੁਵਿਧਾਵਾਂ ਮਿਲ ਸਕਣ। ਜੇਕਰ ਜਲਦੀ ਸੁਧਾਰ ਨਾ ਹੋਇਆ, ਤਾਂ ਦੁਕਾਨਦਾਰ ਸੜਕਾਂ ’ਤੇ ਉਤਰਣ ਲਈ ਮਜਬੂਰ ਹੋਣਗੇ।