- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ ਪਿੰਡ ਜਾਗੋਵਾਲ ਦੇ ਗੁਰਦੁਆਰਾ ਸਾਹਿਬ 'ਚ ਲੜਾਈ ਦੀ ਵਾਇਰਲ ਵੀਡੀਓ ਦਾ

ਮਾਮਲਾ ਪਿੰਡ ਜਾਗੋਵਾਲ ਦੇ ਗੁਰਦੁਆਰਾ ਸਾਹਿਬ 'ਚ ਲੜਾਈ ਦੀ ਵਾਇਰਲ ਵੀਡੀਓ ਦਾ
ਗੁਰਦੁਆਰਾ ਕਮੇਟੀ ਨੇ ਦੱਸਿਆ ਸਿਆਸੀ ਸਾਜਿਸ਼
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ
ਤਾਜ਼ਾ ਮਾਮਲਾ ਹਲਕਾ ਅਮਰਗੜ੍ਹ ਦੇ ਪਿੰਡ ਜਾਗੋਵਾਲ ਦਾ ਹੈ,ਜਿੱਥੋਂ ਦੇ ਗੁਰਦੁਆਰਾ ਸ੍ਰੀ ਮੀਰੀ-ਪੀਰੀ ਸਾਹਿਬ 'ਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੋਂ ਤੱਕ ਕਿ ਕਾਂਗਰਸ ਨੇ ਇਸ ਵੀਡੀਓ ਨੂੰ ਆਪਣੇ ਪੰਜਾਬ ਪੇਜ ਦੇ ਫੇਸਬੁਕ ਹੈਂਡਲ 'ਤੇ ਸਾਂਝਾ ਕਰ ਕੇ ਆਮ ਆਦਮੀ ਪਾਰਟੀ 'ਤੇ ਧੱਕਾ ਸ਼ਾਹੀ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ,ਭਿੰਦਰ ਸਿੰਘ,ਅਮਨਦੀਪ ਸਿੰਘ,ਕਰਨੈਲ ਸਿੰਘ,ਮੇਜਰ ਸਿੰਘ,ਬਲਵੀਰ ਸਿੰਘ ਤੇ ਬਿਕਰ ਸਿੰਘ ਆਦਿ ਨੇ ਵੀ ਪੂਰੀ ਘਟਨਾ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਇਸ ਨੂੰ ਵਿਰੋਧੀਆਂ ਦੀ ਬੇਹੁਦਾ ਚਾਲ ਦੱਸਿਆ।
ਇਹ ਘਟਨਾ ਤਾਜ਼ਾ ਨਹੀਂ ਸਗੋਂ ਫਰਵਰੀ 2025 ਦੀ : ਗੁਰਦੁਆਰਾ ਪ੍ਰਬੰਧਕ ਕਮੇਟੀ
ਇਸ ਪੂਰੇ ਮਾਮਲੇ ਸਬੰਧੀ ਜਾਗੋਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਪੂਰੀ ਘਟਨਾ ਬਾਰੇ ਆਪਣਾ ਪੱਖ ਰੱਖਿਆ। ਪ੍ਰਧਾਨ ਗੁਰਪ੍ਰੀਤ ਸਿੰਘ ਕਾਲਾ ਨੇ ਦੱਸਿਆ ਕਿ ਇਹ ਘਟਨਾ ਤਾਜ਼ਾ ਨਹੀਂ ਸਗੋਂ ਫਰਵਰੀ 2025 ਦੀ ਹੈ। ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ। ਇਸ ਤੋਂ ਅਗਲੇ ਦਿਨ ਕਰੀਬ ਇੱਕ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੇ ਗੁਰੂ ਘਰ 'ਚ ਦਾਖਲ ਹੋ ਕੇ ਸੀਸੀਟੀਵੀ. ਕੈਮਰੇ ਬੰਦ ਕਰ ਦਿੱਤੇ, ਗੋਲਕ ਦਾ ਜਿੰਦਰਾ ਤੋੜਿਆ ਅਤੇ ਗੁਰਦੁਆਰਾ ਸਾਹਿਬ ਦੀ ਬਾਈਫਾਈ ਭੰਨ ਦਿੱਤੀ। ਜਦੋਂ ਕਮੇਟੀ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਗਾਲੀ-ਗਲੋਚ ਕੀਤੀ,ਜਿਸ ਦੌਰਾਨ ਦੋਵੇਂ ਧਿਰਾਂ ਵਿੱਚ ਟਕਰਾ ਹੋ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਗੁ.ਕਮੇਟੀ ਵਿਚ ਹਰੇਕ ਪਾਰਟੀ ਦੇ ਨੁਮਾਇੰਦੇ ਸ਼ਾਮਲ ਹਨ ਅਤੇ ਉਹ ਖ਼ੁਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਯੂਥ ਪ੍ਰਧਾਨ ਹਨ। ਇਸ ਸਬੰਧੀ ਪਿਛਲੇ ਸਾਲ ਹੀ ਥਾਣਾ ਅਮਰਗੜ੍ਹ ਵਿਖੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਹੋ ਚੁੱਕਾ ਹੈ।
ਕਾਂਗਰਸ ਨੇ ਸਾਲ ਪੁਰਾਣੀ ਵੀਡੀਓ ਨੂੰ ਕੀਤਾ ਸ਼ੇਅਰ : ਅਪਰੂਵਮੈਂਟ ਟਰਸਟ ਦੇ ਚੇਅਰਮੈਨ
ਗੁਰਦੁਆਰਾ ਸਾਹਿਬ ਦੀ ਹਦੂਦ ’ਚ ਹੋਈ ਲੜਾਈ ਦੀ ਵਾਇਰਲ ਵੀਡੀਓ ’ਤੇ ਆਪਣਾ ਪੱਖ ਦਿੰਦੇ ਹੋਏ ਆਦਮੀ ਪਾਰਟੀ ਦੇ ਅਪਰੂਵਮੈਂਟ ਟਰਸਟ ਦੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਨੇ ਕਾਂਗਰਸ ਪਾਰਟੀ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸੀਆਂ ਨੇ ਬਿਨਾਂ ਤੱਥਾਂ ਦੀ ਘੋਖ ਕੀਤੇ ਇਕ ਸਾਲ ਪੁਰਾਣੀ ਵੀਡੀਓ ਨੂੰ ਸ਼ੇਅਰ ਕਰ ਕੇ ਆਪਣੀ ਕੋਝੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਜਦ ਕਿ ਪੂਰੀ ਵੀਡੀਓ ਦੇਖਣ ਉਪਰੰਤ ਹੀ ਅਸਲ ਸੱਚਾਈ ਦਾ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਇੱਕ ਘਟੀਆ ਚਾਲ ਹੈ।