ਹਜਾਰ ਰੁਪਏ ਮਿਲਣ ਦੇ ਐਲਾਨ ਨਾਲ ਹੀ 9 ਲੱਖ ਔਰਤਾਂ ਦੇ ਚਿਹਰਿਆਂ ’ਤੇ ਆਈ ਮੁਸਕਾਨ
ਇਕ ਹਜਾਰ ਮਿਲਣ ਦੇ ਐਲਾਨ ਨਾਲ ਹੀ ਆਈ ਚਿਹਰਿਆਂ ’ਤੇ ਮੁਸਕਾਨ
Publish Date: Sun, 08 Mar 2026 04:22 PM (IST)
Updated Date: Mon, 09 Mar 2026 04:00 AM (IST)

ਪੰਜਾਬ ਸਰਕਾਰ ਨੇ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਦਿੱਤਾ ਵੱਡਾ ਤੋਹਫਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਵਧਾ ਦਿੱਤਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਪੇਸ਼ ਕੀਤੇ ਗਏ। ਬਜਟ ਵਿਚ ਸਰਕਾਰ ਨੇ ਔਰਤਾਂ ਲਈ ਇਹ ਸਨਮਾਨ ਰਾਸ਼ੀ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਐਲਾਨ ਨਾਲ ਜ਼ਿਲ੍ਹਾ ਸੰਗਰੂਰ ਦੀ ਲਗਭਗ ਨੌਂ ਲੱਖ ਮਹਿਲਾਵਾਂ ਵਿਚ ਉਤਸ਼ਾਹ ਤੇ ਉਮੀਦ ਦੀ ਨਵੀਂ ਲਹਿਰ ਦੌੜ ਗਈ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਪਹਿਲ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਹਾਲਾਂਕਿ, ਇਸ ਯੋਜਨਾ ਦਾ ਲਾਭ ਸਰਕਾਰੀ ਨੌਕਰੀ ਕਰਨ ਵਾਲੀਆਂ ਜਾਂ ਇਨਕਮ ਟੈਕਸ ਭਰਨ ਵਾਲੀਆਂ ਮਹਿਲਾਵਾਂ ਨੂੰ ਨਹੀਂ ਮਿਲੇਗਾ। ਸਰਕਾਰ ਦਾ ਇਤਿਹਾਸਕ ਕਦਮ : ਮਨਜੀਤ ਕੌਰ ਮੁੱਖ ਮੰਤਰੀ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਨ ਦੀ ਘੋਸ਼ਣਾ ਨਾਲ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ। ਮਨਜੀਤ ਕੌਰ ਦਾ ਕਹਿਣਾ ਹੈ ਕਿ ਇਹ ਯੋਜਨਾ ਉਨ੍ਹਾਂ ਦੇ ਆਤਮ-ਸਨਮਾਨ ਅਤੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਹੈ। ਹਰੇਕ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਸਿੱਧੇ ਟ੍ਰਾਂਸਫਰ ਹੋਣ ਨਾਲ ਉਹ ਆਤਮ ਨਿਰਭਰ ਬਨਣਗੀਆਂ। ਘਰੇਲੂ ਜ਼ਰੂਰਤਾਂ, ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੇ ਖਰਚਿਆਂ ਵਿੱਚ ਇਹ ਰਕਮ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਨਮਾਨ ਨਾਲ ਜਿਊਣ ਦੀ ਨਵੀਂ ਤਾਕਤ ਮਿਲੇਗੀ। ਔਰਤਾਂ ਲਈ ਸਰਕਾਰ ਦਾ ਰਾਹਤ ਭਰਿਆ ਕਦਮ : ਸ਼ਵਿੰਦਰਾ ਦੇਵੀ ਸ਼ਵਿੰਦਰਾ ਦੇਵੀ ਨੇ ਯੋਜਨਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਪਹਿਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਹਰ ਮਹੀਨੇ 1000 ਰੁਪਏ ਦੀ ਸਹਾਇਤਾ ਰਕਮ ਨਾਲ ਉਹ ਛੋਟੇ-ਮੋਟੇ ਘਰੇਲੂ ਖਰਚਿਆਂ ਲਈ ਕਿਸੇ ’ਤੇ ਨਿਰਭਰ ਨਹੀਂ ਰਹਿਣਗੀਆਂ। ਖਾਸ ਕਰ ਕੇ ਪਿੰਡਾਂ ਦੀਆਂ ਮਹਿਲਾਵਾਂ ਨੇ ਇਸਨੂੰ ਰਾਹਤ ਭਰਿਆ ਕਦਮ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਉਨ੍ਹਾਂ ਨੂੰ ਆਤਮ-ਵਿਸ਼ਵਾਸ ਦੇਵੇਗੀ ਅਤੇ ਉਹ ਆਪਣੇ ਫੈਸਲੇ ਖੁਦ ਕਰਨ ਦੇ ਯੋਗ ਬਣਣਗੀਆਂ। ਮਹਿਲਾਵਾਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਨਾਰੀ ਸਨਮਾਨ ਅਤੇ ਸਮਾਨਤਾ ਵੱਲ ਮਜ਼ਬੂਤ ਕੋਸ਼ਿਸ਼ ਹੈ। ਯੋਜਨਾ ਸਰਕਾਰ ਦੀ ਦੂਰਅੰਦੇਸ਼ੀ ਸੋਚ ਦਾ ਪ੍ਰਤੀਕ : ਕਰਮਜੀਤ ਕੌਰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਦੇਣ ਦੀ ਘੋਸ਼ਣਾ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ ਹੈ। ਕਰਮਜੀਤ ਕੌਰ ਦਾ ਕਹਿਣਾ ਹੈ ਕਿ ਇਹ ਫੈਸਲਾ ਸਮਾਜਿਕ ਸਮਾਨਤਾ ਅਤੇ ਨਿਆਂ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਮਹਿਲਾਵਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਹੋਰ ਚੰਗੇ ਤਰੀਕੇ ਨਾਲ ਪੂਰਾ ਕਰ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਉਨ੍ਹਾਂ ਦੇ ਜੀਵਨ ਮਿਆਰ ਵਿੱਚ ਸੁਧਾਰ ਆਏਗਾ ਅਤੇ ਉਹ ਆਤਮਨਿਰਭਰ ਬਣ ਕੇ ਸਮਾਜ ਵਿੱਚ ਅੱਗੇ ਵਧ ਸਕਣਗੀਆਂ। ਉਨ੍ਹਾਂ ਨੇ ਇਸਨੂੰ ਸਰਕਾਰ ਦੀ ਸੰਵੇਦਨਸ਼ੀਲ ਅਤੇ ਦੂਰਅੰਦੇਸ਼ੀ ਸੋਚ ਦਾ ਪ੍ਰਤੀਕ ਦੱਸਿਆ। ਯੋਜਨਾ ਮਹਿਲਾ ਸਸ਼ਕਤੀਕਰਨ ਦੀ ਨਵੀਂ ਮਿਸਾਲ : ਕਿਰਨ ਗਰਗ ਕਿਰਨ ਗਰਗ ਦਾ ਮੰਨਣਾ ਹੈ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਮਹਿਲਾਵਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਪਹਿਚਾਣ ਵੀ ਹੈ। ਸਿੱਧੇ ਬੈਂਕ ਖਾਤਿਆਂ ਵਿੱਚ ਰਕਮ ਟ੍ਰਾਂਸਫਰ ਹੋਣ ਨਾਲ ਪਾਰਦਰਸ਼ਤਾ ਬਣੀ ਰਹੇਗੀ ਅਤੇ ਲਾਭ ਅਸਲ ਹੱਕਦਾਰਾਂ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਛੋਟੇ ਕਾਰੋਬਾਰ ਸ਼ੁਰੂ ਕਰਨ ਬਚਤ ਕਰਨ ਅਤੇ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵੱਲ ਕਦਮ ਵਧਾ ਸਕਣਗੀਆਂ। ਉਨ੍ਹਾਂ ਨੇ ਸਰਕਾਰ ਦੀ ਇਸ ਪਹਿਲ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਹ ਯੋਜਨਾ ਮਹਿਲਾ ਸਸ਼ਕਤੀਕਰਨ ਦੀ ਨਵੀਂ ਮਿਸਾਲ ਕਾਇਮ ਕਰੇਗੀ। ਬਜ਼ੁਰਗਾਂ ਨੂੰ ਵੀ ਲਿਆਉਣਾ ਚਾਹੀਦਾ ਸੀ ਯੋਜਨਾ ਦੇ ਦਾਇਰੇ ’ਚ : ਗੁਰਜੀਤ ਕੌਰ ਬਜੁਰਗ ਔਰਤ ਗੁਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬਜਟ ਵਿੱਚ ਔਰਤਾਂ ਨੂੰ ਇੱਕ ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪ੍ਰੰਤੂ ਇਸ ਯੋਜਨਾ ਦੇ ਦਾਇਰੇ ਵਿੱਚੋ ਬਜੁਰਗਾਂ ਨੂੰ ਬਾਹਰ ਰੱਖਿਆ ਗਿਆ ਹੈ। ਜਦਕਿ ਚੋਣਾਂ ਸਮੇ ਹਰ ਔਰਤ ਨੂੰ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇੱਕ ਤਾਂ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਚਾਰ ਸਾਲ ਦਾ ਸਮਾਂ ਲੰਘਾ ਦਿੱਤਾ ਅਤੇ ਜਦੋ ਹੁਣ ਚੋਣਾਂ ਵਿੱਚ ਕੁਝ ਸਮਾਂ ਰਹਿ ਗਿਆ ਹੈ ਤਾਂ ਇਹ ਯੋਜਨਾ ਲਾਗੂ ਕਰ ਦਿੱਤੀ ਹੈ।