ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਭਿਆਨਕ ਹਾਦਸਾ: ਚਲਦੀ ਥਾਰ ਬਣੀ ਅੱਗ ਦਾ ਗੋਲਾ, AC ਖ਼ਰਾਬ ਹੋਣ ਕਾਰਨ ਬਚੀ ਪਤੀ-ਪਤਨੀ ਦੀ ਜਾਨ
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਚੰਨੋ ਨੇੜੇ ਬੀਤੀ ਦੇਰ ਰਾਤ ਇੱਕ ਥਾਰ ਗੱਡੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਲੋਹੇ ਦਾ ਪਿੰਜਰ ਬਣ ਗਈ। ਹਾਲਾਂਕਿ ਗੱਡੀ ਵਿੱਚ ਸਵਾਰ ਪਤੀ-ਪਤਨੀ ਸਮੇਂ ਸਿਰ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ।
Publish Date: Wed, 10 Jun 2026 02:41 PM (IST)
Updated Date: Wed, 10 Jun 2026 04:46 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ - ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਚੰਨੋ ਨੇੜੇ ਬੀਤੀ ਦੇਰ ਰਾਤ ਇੱਕ ਥਾਰ ਗੱਡੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਲੋਹੇ ਦਾ ਪਿੰਜਰ ਬਣ ਗਈ। ਹਾਲਾਂਕਿ ਗੱਡੀ ਵਿੱਚ ਸਵਾਰ ਪਤੀ-ਪਤਨੀ ਸਮੇਂ ਸਿਰ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਪਰਮ ਮਿੱਤਲ ਵਾਸੀ ਸੰਗਰੂਰ ਆਪਣੀ ਪਤਨੀ ਨਾਲ ਚੰਡੀਗੜ੍ਹ ਤੋਂ ਥਾਰ ਗੱਡੀ ਰਾਹੀਂ ਸੰਗਰੂਰ ਵਾਪਸ ਆ ਰਹੇ ਸਨ। ਜਦੋਂ ਉਹ ਪਿੰਡ ਚੰਨੋ ਨੇੜੇ ਸਟੀਲਮੈਨਜ ਪਬਲਿਕ ਸਕੂਲ ਕੋਲ ਪੁੱਜੇ ਤਾਂ ਗੱਡੀ ਦਾ ਏਅਰ ਕੰਡੀਸ਼ਨ (ਏਸੀ ਸਿਸਟਮ) ਅਚਾਨਕ ਬੰਦ ਹੋ ਗਿਆ। ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਗੱਡੀ ਸੜਕ ਕਿਨਾਰੇ ਰੋਕ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਹੀ ਮਿੰਟਾਂ ਵਿੱਚ ਪੂਰੀ ਥਾਰ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ ਮੌਜੂਦ ਹੋਰ ਵਾਹਨ ਚਾਲਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬਹੁਤ ਤੇਜ਼ ਹੋਣ ਕਾਰਨ ਕਾਬੂ ਨਹੀਂ ਪਾਇਆ ਜਾ ਸਕਿਆ।
ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ਉਪਰੰਤ ਸੰਗਰੂਰ ਅਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਥਾਰ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਏ.ਸੀ ਖ਼ਰਾਬ ਹੋਣ ਕਾਰਨ ਪਰਮ ਮਿੱਤਲ ਅਤੇ ਉਸ ਦੀ ਪਤਨੀ ਪਹਿਲਾਂ ਹੀ ਗੱਡੀ ਤੋਂ ਬਾਹਰ ਆ ਚੁੱਕੇ ਸਨ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।