ਸੰਘਣੀ ਧੁੰਦ ਨੇ ਵਧਾਈ ਠੰਢ, ਆਉਣ ਵਾਲੇ ਦਿਨਾਂ ’ਚ ਮੀਂਹ ਦੀ ਸੰਭਾਵਨਾ
ਸੰਘਣੀ ਧੁੰਦ ਨੇ ਵਧਾਈ ਠੰਢ, ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ
Publish Date: Sat, 31 Jan 2026 06:53 PM (IST)
Updated Date: Sat, 31 Jan 2026 06:55 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਖਿੜੀ ਹੋਈ ਧੁੱਪ ਤੋਂ ਬਾਅਦ ਸ਼ਨਿਚਰਵਾਰ ਦੀ ਸਵੇਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬੇਹੱਦ ਸੰਘਣੀ ਧੁੰਦ ਦੇਖਣ ਨੂੰ ਮਿਲੀ। ਸਵੇਰ ਵੇਲੇ ਵਿਜੀਬਿਲਟੀ ਕਾਫੀ ਘੱਟ ਰਹੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਨੂੰ ਬਰੇਕਾਂ ਲੱਗ ਗਈਆਂ। ਕਰੀਬ 11 ਵਜੇ ਤਕ ਧੁੰਦ ਦਾ ਪ੍ਰਭਾਵ ਬਣਿਆ ਰਿਹਾ, ਜਿਸ ਨਾਲ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਨੂੰ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ ਕਰੀਬ 20.2 ਅਤੇ ਘੱਟੋ-ਘੱਟ ਤਾਪਮਾਨ 8.1 ਡਿਗਰੀ ਦੇ ਆਸ-ਪਾਸ ਰਿਹਾ ਹੈ। ਸਵੇਰ ਵੇਲੇ ਧੁੰਦ ਕਾਰਨ ਹਵਾ ਵਿੱਚ ਨਮੀ ਦੀ ਮਾਤਰਾ 70 ਤੋਂ 100 ਫ਼ੀਸਦੀ ਤਕ ਦਰਜ ਕੀਤੀ ਗਈ। ਹਾਲਾਂਕਿ ਦੁਪਹਿਰ ਵੇਲੇ ਸੂਰਜ ਨੇ ਆਪਣਾ ਨਿੱਘ ਵੀ ਦਿੱਤਾ ਹੈ ਪਰ ਧੁੰਦ ਅਤੇ ਸੀਤ ਲਹਿਰ ਨੇ ਕੜਾਕੇ ਦੀ ਠੰਢ ਦਾ ਅਹਿਸਾਸ ਮੁੜ ਕਰਵਾ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਅਨੁਸਾਰ ਆਉਣ ਵਾਲੇ ਪੰਜ ਦਿਨਾਂ ਦੌਰਾਨ ਪਟਿਆਲਾ ਵਿੱਚ ਮੌਸਮ ਵਿੱਚ ਹੋਰ ਵੀ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇੱਕ ਫਰਵਰੀ ਐਤਵਾਰ ਪਟਿਆਲਾ ਵਿੱਚ ਹਲਕੇ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 19 ਅਤੇ ਘੱਟੋ-ਘੱਟ 10 ਡਿਗਰੀ ਰਹਿਣ ਦੀ ਉਮੀਦ ਹੈ। ਦੋ ਫਰਵਰੀ ਸੋਮਵਾਰ ਆਸਮਾਨ ਵਿੱਚ ਬੱਦਲਵਾਈ ਬਣੀ ਰਹੇਗੀ। ਤਾਪਮਾਨ 19 ਅਤੇ 9 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਤਿੰਨ ਫਰਵਰੀ ਮੰਗਲਵਾਰ ਮੌਸਮ ਸਾਫ਼ ਹੋਣ ਦੀ ਉਮੀਦ ਹੈ ਅਤੇ ਦਿਨ ਵੇਲੇ ਧੁੱਪ ਨਿਕਲ ਸਕਦੀ ਹੈ। ਤਾਪਮਾਨ 19 ਅਤੇ 9 ਡਿਗਰੀ ਵਿਚਕਾਰ ਰਹੇਗਾ। ਚਾਰ ਫਰਵਰੀ ਬੁੱਧਵਾਰ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 21 ਅਤੇ ਘੱਟੋ-ਘੱਟ 9 ਡਿਗਰੀ ਰਹਿਣ ਦਾ ਅਨੁਮਾਨ ਹੈ। ਪੰਜ ਫਰਵਰੀ ਵੀਰਵਾਰ ਨੂੰ ਦਿਨ ਵੇਲੇ ਚੰਗੀ ਧੁੱਪ ਰਹੇਗੀ। ਤਾਪਮਾਨ 21 ਅਤੇ 9 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।