ਸਾਈਬਰ ਠੱਗਾਂ ਨੇ ਵਿਅਕਤੀਆਂ ਦਾ ਮੋਬਾਈਲ ਫੋਨ ਕੀਤਾ ਹੈਕ
ਸਾਈਬਰ ਠੱਗਾਂ ਨੇ ਵਿਅਕਤੀਆਂ ਦਾ ਮੋਬਾਇਲ ਫੋਨ ਹੈਕ ਕਰਕੇ ਕੀਤੀ ਪੈਸਿਆਂ ਦੀ ਮੰਗ
Publish Date: Wed, 22 Apr 2026 04:55 PM (IST)
Updated Date: Wed, 22 Apr 2026 04:58 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਾਈਬਰ ਠੱਗਾਂ ਵੱਲੋਂ ਰੋਜ਼ਾਨਾ ਮੋਬਾਈਲ ਫੋਨ ਕਾਲ ਤੇ ਮੋਬਾਈਲ ਫੋਨ ਹੈਕ ਕਰਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੀਆਂ ਚਲਾਈਆਂ ਜਾ ਰਹੀਆਂ ਵੱਖ ਵੱਖ ਕੋਸ਼ਿਸ਼ਾਂ ਦੇ ਚਲਦਿਆਂ ਰਾਜਪਰਾ ਸ਼ਹਿਰ ਦੇ ਦੋ ਨਾਮੀ ਵਿਅਕਤੀਆਂ ਦੇ ਵ੍ਹਟਸਐਪ ਹੈਕ ਕਰਕੇ ਉਨਾਂ ਦੇ ਰਿਸ਼ਤੇਦਾਰਾਂ ਪਾਸੋਂ ਪੈਸਿਆਂ ਦੀ ਮੰਗ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਬੀਤੇ ਦਿਨੀ ਕੁਝ ਸਾਈਬਰ ਠੱਗਾਂ ਨੇ ਉਸ ਦਾ ਮੋਬਾਈਲ ਫੋਨ ਦਾ ਵ੍ਹਟਸਐਪ ਹੈਂਕ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਸਾਈਬਰ ਠੱਗਾਂ ਨੇ ਮੇਰੇ ਮੋਬਾਈਲ ’ਚ ਜਿੰਨੇ ਵੀ ਮੇਰੇ ਰਿਸ਼ਤੇਦਾਰ, ਸਕੇ ਸਬੰਧੀ ਤੇ ਦੋਸਤ ਮਿੱਤਰ ਸਨ ਦੇ ਮੋਬਾਈਲ ਫੋਨ ਉੱਤੇ ਕਰੀਬ 25 ਹਜ਼ਾਰ ਰੁਪਏ ਦੀ ਪੈਸਿਆਂ ਦੀ ਜ਼ਰੂਰੀ ਮੰਗ ਕਰਦਿਆਂ ਹੋਇਆਂ ਪੈਸੇ ਕੁਝ ਘੰਟਿਆਂ ’ਚ ਵਾਪਸ ਲੁਟਾਉਣ ਦੀ ਗੱਲ ਦਾ ਮੈਸੇਜ ਭੇਜਿਆ। ਜਿਸ ਤੋਂ ਬਾਅਦ ਜਦੋਂ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਵੱਲੋਂ ਮੇਰੇ ਮੋਬਾਈਲ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਫੋਨ ਹੈਕ ਕੀਤਾ ਜਾਣ ਕਰਕੇ ਫੋਨ ਨੰਬਰ ਨਹੀਂ ਮਿਲਿਆ। ਜਦੋਂ ਇਸ ਸਬੰਧੀ ਉਸ ਨੂੰ ਪਤਾ ਲੱਗਿਆ ਤਾਂ ਮੇਰੇ ਵੱਲੋਂ ਤੁਰੰਤ ਥਾਣਾ ਸਿਟੀ ਪੁਲਿਸ ਰਾਜਪੁਰਾ ਅਤੇ ਸਾਈਬਰ ਸੈਲ ਪਟਿਆਲਾ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੇਰਾ ਫੋਨ ਹੈਕਰਾਂ ਦੇ ਕਬਜ਼ੇ ਵਿੱਚੋਂ ਬਾਹਰ ਆਇਆ। ਅਕਾਲੀ ਆਗੂ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਜੇਕਰ ਮੇਰੇ ਹੈਕ ਕੀਤੇ ਗਏ ਮੋਬਾਈਲ ਫੋਨ ਦੇ ਰਾਹੀ ਜੇਕਰ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਨਾਲ ਪੈਸਿਆਂ ਦੀ ਠੱਗੀ ਹੋਈ ਹੈ ਤਾਂ ਤੁਰੰਤ ਸਬੰਧਤ ਬੈਂਕ ਦੇ ਮੈਨੇਜਰ ਦੇ ਨਾਲ ਤਾਲਮੇਲ ਕੀਤਾ ਜਾਵੇ। ਇਸ ਤੋਂ ਇਲਾਵਾ ਰਾਜਪੁਰਾ ਟਾਊਨ ਦੀ ਪੁਰਾਣੀ ਅਨਾਜ ਮੰਡੀ ’ਚ ਸਥਿਤ ਚੈਨਸਨ ਹੋਟਲ ਦੇ ਮਾਲਕ ਦਿਲਬਾਗ ਸਿੰਘ ਨੀਟੂ ਦਾ ਮੋਬਾਈਲ ਫੋਨ ਵੀ ਬੀਤੇ ਦਿਨੀ ਹੈਕਰਾਂ ਵੱਲੋਂ ਹੈਕ ਕਰ ਲਿਆ ਗਿਆ ਸੀ। ਉਨ੍ਹਾਂ ਦੇ ਮੋਬਾਈਲ ਫੋਨ ਦੇ ਵ੍ਹਟਸਐਪ ਰਾਹੀਂ ਸਬੰਧਤ ਮੋਬਾਈਲ ’ਚ ਨੋਟ ਨੰਬਰਾਂ ’ਤੇ ਪੈਸਿਆਂ ਦੀ ਮੰਗ ਸਬੰਧੀ ਮੈਸੇਜ ਕੀਤਾ ਗਿਆ। ਨੀਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸਾਈਬਰ ਸੈਲ ਪਟਿਆਲਾ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ ਹੈਕਰਾਂ ਦੇ ਕਬਜ਼ੇ ’ਚੋਂ ਬਾਹਰ ਆਇਆ। ਜਿਸ ਤੋਂ ਬਾਅਦ ਸਬੰਧਿਤ ਵਿਅਕਤੀਆਂ ਨੇ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਦਾ ਮੋਬਾਈਲ ਫੋਨ ਨਾ ਚੁੱਕਣ ਤਾਂ ਜੋ ਅਜਿਹੇ ਸਾਈਬਰ ਠੱਗੀ ਤੋਂ ਬਚਿਆ ਜਾ ਸਕੇ।