ਤਿੰਨ ਤੋਂ ਚਾਰ ਡਿਗਰੀ ਵਧਿਆ ਤਾਪਮਾਨ, ਕਣਕ ਨੂੰ ਹੋ ਸਕਦੈ ਨੁਕਸਾਨ
ਤਿੰਨ ਤੋਂ ਚਾਰ ਡਿਗਰੀ ਵਧਿਆ ਤਾਪਮਾਨ, ਕਣਕ ਨੂੰ ਹੋ ਸਕਦੈ ਨੁਕਸਾਨ
Publish Date: Sun, 01 Mar 2026 03:44 PM (IST)
Updated Date: Mon, 02 Mar 2026 03:59 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਫਰਵਰੀ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਮਾਰਚ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਲਗਾਤਾਰ ਵੱਧ ਰਿਹਾ ਤਾਪਮਾਨ ਕਿਸਾਨਾਂ, ਸਬਜ਼ੀ ਉਤਪਾਦਕਾਂ ਅਤੇ ਫਲ ਕਾਸ਼ਤਕਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗਰਮੀ ਨੇ ਹੁਣ ਤੋਂ ਹੀ ਆਪਣੇ ਤੇਵਰ ਦਿਖਾਉਣ ਸ਼ੁਰੂ ਕਰ ਦਿੱਤੇ ਹਨ। ਬਦਲ ਰਹੇ ਮੌਸਮ ਦਾ ਅਸਰ ਪਸ਼ੂਆਂ, ਪੰਛੀਆਂ ਅਤੇ ਫਸਲਾਂ ਸਮੇਤ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ। ਗਰਮੀ ਵਧਣ ਨਾਲ ਲੋਕ ਹੁਣ ਤੋਂ ਹੀ ਫਲਾਂ ਦੇ ਜੂਸ ਦਾ ਸਹਾਰਾ ਲੈਣ ਲੱਗ ਪਏ ਹਨ। ਇਸ ਸਾਲ ਜ਼ਿਲ੍ਹਾ ਸੰਗਰੂਰ ਵਿੱਚ 2.40 ਹੈਕਟੇਅਰ ਖੇਤਰ ਵਿੱਚ ਕਣਕ ਦੀ ਕਾਸ਼ਤ ਕੀਤੀ ਗਈ ਹੈ। ਇਸ ਸਮੇਂ ਤਾਪਮਾਨ 3 ਤੋਂ 4 ਡਿਗਰੀ ਵੱਧ ਚੱਲ ਰਿਹਾ ਹੈ, ਜੋ ਫਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇ ਵੇਖਿਆ ਜਾਵੇ ਤਾਂ ਸਾਲ 2021–22 ਵਿੱਚ ਵਧੇ ਤਾਪਮਾਨ ਕਾਰਨ ਪੈਦਾਵਾਰ 4142 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹਿ ਗਈ ਸੀ, ਜਦਕਿ ਪਹਿਲਾਂ ਇਹ 5500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਰਹਿੰਦੀ ਸੀ। ਸਾਲ 2019–20 ਵਿੱਚ 5800 ਕਿਲੋਗ੍ਰਾਮ ਪ੍ਰਤੀ ਏਕੜ ਪੈਦਾਵਾਰ ਹੋਈ ਸੀ। ਕਿਸਾਨਾਂ ਦਾ ਮੰਨਣਾ ਹੈ ਕਿ ਤਾਪਮਾਨ ਵਧਣ ਨਾਲ ਕਣਕ ਦਾ ਦਾਣਾ ਠੀਕ ਤਰੀਕੇ ਨਾਲ ਨਹੀਂ ਬਣੇਗਾ। ਜਿਸ ਦੁੱਧ ਨੇ ਠੋਸ ਹੋ ਕੇ ਦਾਣੇ ਦਾ ਰੂਪ ਲੈਣਾ ਸੀ, ਉਹ ਗਰਮੀ ਕਾਰਨ ਪਹਿਲਾਂ ਹੀ ਸੁੱਕ ਜਾਵੇਗਾ ਅਤੇ ਅਨਾਜ ਨਹੀਂ ਬਣੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਫਸਲ ਦੀ ਪੈਦਾਵਾਰ ਦੋ ਸਾਲ ਪਹਿਲਾਂ ਵਾਂਗ ਘੱਟ ਹੋ ਸਕਦੀ ਹੈ। ਦੂਜੇ ਪਾਸੇ, ਭਿੰਡੀ, ਕੱਦੂ, ਤੋਰੀ, ਕਰੇਲਾ, ਪਿਆਜ਼, ਖੀਰਾ ਆਦਿ ਸਬਜ਼ੀਆਂ ਨੂੰ ਬਚਾਉਣ ਲਈ ਕਿਸਾਨ ਲਗਾਤਾਰ ਸਪਰੇ ਅਤੇ ਸਿੰਚਾਈ ਕਰ ਰਹੇ ਹਨ। ਕੋਹਰੇ ਤੋਂ ਬਚਾਅ ਲਈ ਸਰਦੀ ਵਿੱਚ ਪਾਇਆ ਗਿਆ ਪਲਾਸਟਿਕ ਕਵਰ ਹੁਣ ਹਟਾ ਦਿੱਤਾ ਗਿਆ ਹੈ। ਬਾਕਸ ਹਲਕੀ ਸਿੰਚਾਈ ਤੇ ਸਪਰੇ ਕਰਨ ਦੀ ਸਲਾਹ ਖੇਤੀਬਾੜੀ ਅਧਿਕਾਰੀ ਡਾ. ਇੰਦਰਜੀਤ ਸਿੰਘ ਭੱਟੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਮਨਜ਼ੂਰਸ਼ੁਦਾ ਕਿਸਮਾਂ ਜਿਵੇਂ ਕਿ ਪੀਬੀਡਬਲਯੂ 872, 826, ਐੱਚਡੀ 3086, ਡੀਬੀਡਬਲਯੂ 187, 222 ਆਦਿ ਦੀ ਬਿਜਾਈ ਕੀਤੀ ਗਈ ਹੈ। ਖੇਤੀ ਵਿਗਿਆਨ ਕੇਂਦਰ ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਹਾ ਕਿ ਗਰਮੀ ਤੋਂ ਬਚਾਅ ਲਈ ਕਿਸਾਨ ਹਲਕੀ ਸਿੰਚਾਈ ਕਰ ਸਕਦੇ ਹਨ ਜਾਂ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੀ ਸਪਰੇ ਕਰ ਸਕਦੇ ਹਨ। ਕਿਸੇ ਵੀ ਹਾਲਤ ਵਿਚ ਫਸਲ ਨੂੰ ਵੱਧ ਸੁੱਕਾ ਨਹੀਂ ਰਹਿਣ ਦੇਣਾ ਚਾਹੀਦਾ।