ਵਧਣ ਲੱਗਾ ਤਾਪਮਾਨ, ਕਣਕ ਦੀ ਫਸਲ ਪ੍ਰਭਾਵਿਤ ਹੋਣ ਦੇ ਅਸਾਰ
ਵਧਣ ਲੱਗਾ ਤਾਪਮਾਨ, ਕਣਕ ਦੀ ਫਸਲ ਪ੍ਰਭਾਵਿਤ ਹੋਣ ਦੇ ਅਸਾਰ
Publish Date: Mon, 09 Feb 2026 05:31 PM (IST)
Updated Date: Tue, 10 Feb 2026 04:05 AM (IST)

ਤਿੰਨ-ਚਾਰ ਡਿਗਰੀ ਵਧੇ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵਧਾਈ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭਾਵੇਂ ਪਿਛਲੇ ਇੱਕ ਹਫ਼ਤੇ ਤੋਂ ਨਿਕਲ ਰਹੀ ਤੇਜ਼ ਧੁੱਪ ਨਾਲ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਹੈ, ਪਰ ਸਵੇਰੇ ਅਤੇ ਸ਼ਾਮ ਨੂੰ ਹਾਲੇ ਵੀ ਸੁੱਕੀ ਠੰਢ ਦੇ ਨਾਲ ਕੋਹਰਾ ਪੈਣ ਦਾ ਸਿਲਸਿਲਾ ਜਾਰੀ ਹੈ। ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਕਰੀਬ ਤਿੰਨ ਤੋਂ ਚਾਰ ਡਿਗਰੀ ਵਾਧਾ ਹੋਇਆ ਹੈ। ਸੋਮਵਾਰ ਸਵੇਰੇ ਹਲਕੀ ਠੰਢੀਆਂ ਹਵਾਵਾਂ ਚੱਲਣ ਨਾਲ ਠੰਢ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਦਿਨ ਭਰ ਅਸਮਾਨ ਵਿੱਚ ਬੱਦਲ ਛਾਏ ਰਹੇ, ਪਰ ਤਾਪਮਾਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ। ਖੇਤਾਂ ਵਿੱਚ ਵੀ ਹਲਕੀ ਧੁੰਦ ਬਣੀ ਰਹੀ। ਦੁਪਹਿਰ ਤੱਕ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨਾ ਅੱਧਾ ਵੀ ਨਹੀਂ ਲੰਘਿਆ ਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਅਗਲੇ ਇੱਕ ਹਫ਼ਤੇ ਤੱਕ ਤਾਪਮਾਨ ਵਿੱਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨ ਕਣਕ ਦੀ ਫਸਲ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਸੰਗਰੂਰ ਦੇ ਕਿਸਾਨ ਪਵਨਦੀਪ ਸਿੰਘ, ਮਹਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਅਗਲੇ 4–5 ਦਿਨਾਂ ਤੱਕ ਤਾਪਮਾਨ ਵਿੱਚ ਕਿਸੇ ਕਿਸਮ ਦੀ ਘਟਾਓ ਦੀ ਸੰਭਾਵਨਾ ਨਹੀਂ ਹੈ। ਦਿਨ ਅਤੇ ਰਾਤ ਦੋਵਾਂ ਦੇ ਤਾਪਮਾਨ ਵਿੱਚ ਹੋਰ ਵਾਧਾ ਹੋਵੇਗਾ। ਇਸ ਸਮੇਂ ਕਣਕ ਦੀ ਫਸਲ ਡੰਡੀ ਦੇ ਰੂਪ ਵਿੱਚ ਆ ਰਹੀ ਹੈ ਅਤੇ ਕੁਝ ਸਮੇਂ ਬਾਅਦ ਡੰਡੀ ਉੱਤੇ ਦਾਣੇ ਨਿਕਲਣ ਲੱਗਣਗੇ। ਇਹ ਸਮਾਂ ਕਣਕ ਦੀ ਫਸਲ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਦੌਰਾਨ ਦਾਣਿਆਂ ਵਿੱਚ ਦੁੱਧ ਵਰਗਾ ਤਰਲ ਪਦਾਰਥ ਭਰਿਆ ਹੁੰਦਾ ਹੈ, ਜੋ ਬਾਅਦ ਵਿੱਚ ਠੋਸ ਬਣ ਕੇ ਕਣਕ ਦਾ ਦਾਣਾ ਬਣਦਾ ਹੈ। ਜੇਕਰ ਤਾਪਮਾਨ ਵਧਦਾ ਰਿਹਾ ਤਾਂ ਇਹ ਦੁੱਧੀਲਾ ਪਦਾਰਥ ਸੁੱਕ ਸਕਦਾ ਹੈ, ਜਿਸ ਨਾਲ ਦਾਣਾ ਪਿਚਕ ਸਕਦਾ ਹੈ ਅਤੇ ਪੈਦਾਵਾਰ ਘੱਟਣ ਦੇ ਅਸਾਰ ਹਨ।ਸਬਜ਼ੀਆਂ ‘ਤੇ ਵੀ ਪਵੇਗਾ ਮਾੜਾ ਅਸਰ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਕਰੇਲਾ, ਕੱਕੜੀ, ਪੇਠਾ, ਖੀਰਾ ਆਦਿ ਸਬਜ਼ੀਆਂ ਉਗਾਈਆਂ ਹੋਈਆਂ ਹਨ। ਸਰਦੀ ਦੇ ਮੌਸਮ ਵਿੱਚ ਕੋਹਰੇ ਅਤੇ ਮੀਂਹ ਤੋਂ ਬਚਾਅ ਲਈ ਉਪਰ ਪਲਾਸਟਿਕ ਕਵਰ ਪਾਇਆ ਗਿਆ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਹਲਕੀ ਧੁੱਪ ਅਤੇ ਹਵਾ ਸਬਜ਼ੀਆਂ ਲਈ ਫਾਇਦੇਮੰਦ ਮੰਨੀ ਜਾਂਦੀ ਹੈ, ਪਰ ਜ਼ਿਆਦਾ ਗਰਮੀ ਕਾਰਨ ਸਬਜ਼ੀਆਂ ਦੇ ਫੁੱਲ ਝੜ ਸਕਦੇ ਹਨ, ਜਿਸ ਨਾਲ ਅੱਗੇ ਫਲ ਨਹੀਂ ਬਣੇਗਾ ਅਤੇ ਨਤੀਜੇ ਵਜੋਂ ਫਸਲ ਘੱਟ ਹੋ ਸਕਦੀ ਹੈ।