40 ਡਿਗਰੀ ਤੱਕ ਪੁੱਜਾ ਤਾਪਮਾਨ, ਲੋਕ ਹੋਣ ਲੱਗੇ ਪਰੇਸ਼ਾਨ
40 ਡਿਗਰੀ ਤੱਕ ਪੁੱਜਾ ਤਾਪਮਾਨ, ਲੋਕ ਹੋਣ ਲੱਗੇ ਪਰੇਸ਼ਾਨ
Publish Date: Wed, 22 Apr 2026 03:59 PM (IST)
Updated Date: Thu, 23 Apr 2026 04:01 AM (IST)

ਅਸਮਾਨੋਂ ਵਰ੍ਹ ਰਹੀ ਅੱਗ, ਠੰਢੀਆਂ ਚੀਜ਼ਾਂ ਦਾ ਲੋਕ ਲੈਣ ਲੱਗੇ ਸਹਾਰਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਸ ਸਾਲ ਬੇਸ਼ੱਕ ਅਪ੍ਰੈਲ ਮਹੀਨੇ ਦੇ ਅੱਧ ਤੱਕ ਲੋਕਾਂ ਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ, ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਤਾਪਮਾਨ ਵਧ ਗਿਆ। ਬੁੱਧਵਾਰ ਨੂੰ ਸੰਗਰੂਰ ਦਾ ਵੱਧੋ ਵੱਧ ਤਾਪਮਾਨ 40 ਡਿਗਰੀ ਤੱਕ ਅੱਪੜ ਗਿਆ ਅਤੇ ਘੱਟੋ ਘੱਟ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ। ਦੁਪਹਿਰ ਸਮੇਂ ਘਰਾਂ ਵਿੱਚੋ਼ ਬਾਹਰ ਨਿਕਲਣਾ ਵੀ ਔਖਾ ਲੱਗਣ ਲੱਗ ਗਿਆ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਗਲੀਆਂ ਸੁੰਨੀਆਂ ਹੋਣ ਲੱਗ ਪਈਆਂ ਹਨ। ਗਰਮੀ ਤੋਂ ਬਚਾਅ ਲਈ ਲੋਕ ਠੰਢੀਆਂ ਵਸਤੂਆਂ ਦਾ ਸਹਾਰਾ ਲੈ ਰਹੇ ਹਨ। ਗਰਮੀ ਦਾ ਕਹਿਰ ਇਨ੍ਹਾਂ ਵਧ ਗਿਆ ਹੈ ਕਿ ਲੋਕਾਂ ਨੇ ਘਰਾਂ ਅਤੇ ਦੁਕਾਨਾਂ ਵਿੱਚ ਏਸੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਅਚਾਨਕ ਵਧੇ ਤਾਪਮਾਨ ਅਤੇ ਬਾਅਦ ਵਿੱਚ ਹੋਈ ਬਾਰਿਸ਼ ਨੇ ਜਿੱਥੇ ਕਣਕ ਦੀ ਫਸਲ ਦੇ ਝਾੜ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ, ਉੱਥੇ ਹੀ ਵਧਦਾ ਤਾਪਮਾਨ ਸਬਜੀ ਕਾਸ਼ਤਕਾਰਾਂ ਲਈ ਮੁਸੀਬਤ ਬਣ ਸਕਦਾ ਹੈ। ਕਿਉਕਿ ਜਿਆਦਾ ਗਰਮੀ ਹੋਣ ਕਾਰਨ ਸਬਜੀਆਂ ਦੇ ਝੁਲਸਣ ਦਾ ਜਿਆਦਾ ਡਰ ਬਣ ਜਾਂਦਾ ਹੈ। ਸਬਜੀ ਕਾਸ਼ਤਕਾਰਾਂ ਨੂੰ ਚਿੰਤਾ ਹੈ ਕਿ ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਪਿਛਲੇ ਦਿਨਾਂ ’ਚ ਲਾਈਆਂ ਸਬਜੀਆਂ ਦੇ ਪੌਦਿਆਂ ਨੂੰ ਨੁਕਸਾਨ ਪੁੱਜੇਗਾ। ਦੂਜੇ ਪਾਸੇ, ਤਾਪਮਾਨ ਵੱਧਣ ਕਾਰਨ ਇਸਦਾ ਅਸਰ ਲੋਕਾਂ ਦੀ ਸਿਹਤ ਤੇ ਪੈਣ ਲੱਗਾ ਹੈ। ਜਿਆਦਾ ਗਰਮੀਹੋਣ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੇਟ ਦਰਦ, ਦਸਤ, ਉਲਟੀਆਂ ਅਤੇ ਬੁਖਾਰ ਦੇ ਮਾਮਲੇ ਵੀ ਵੱਧ ਰਹੇ ਹਨ। ਹਸਪਤਾਲਾਂ, ਡਿਸਪੈਂਸਰੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਦੁਪਹਿਰ ਸਮੇ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਧੁੱਪ ਵਿੱਚ ਕੁਝ ਸਮਾਂ ਖੜਨਾ ਜਾਂ ਚੱਲਣਾ ਵੀ ਔਖਾ ਹੋ ਗਿਆ ਹੈ। ਜਿਆਦਾ ਪ੍ਰੇਸ਼ਾਨੀ ਛੋਟੇ ਬੱਚਿਆਂ ਨੂੰ ਝੱਲਣੀ ਪੈ ਰਹੀ ਹੈ, ਜਿਨਾਂ ਨੂੰ ਸਕੂਲ ਤੋਂ ਛੁੱਟੀ ਮਗਰੋਂ ਘਰ ਵਾਪਸੀ ਤੇ ਝੁਲਸਾ ਦੇਣ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈਦਾ ਹੈ। ਗਰਮੀ ਤੋ ਬਚਾਅ ਲਈ ਲੋਕਾਂ ਨੇ ਠੰਡੀਆਂ ਚੀਜਾਂ ਵੱਲ ਆਪਣਾ ਰੁਖ ਕਰ ਲਿਆ ਹੈ। ਸ਼ਹਿਰ ਦੇ ਬਾਜ਼ਾਰਾਂ ਵਿੱਚ ਜੂਸ ਵਾਲੀਆਂ ਰੇਹੜੀਆਂ ‘ਤੇ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਲੋਕ ਗੰਨੇ ਦੇ ਜੂਸ ਨੂੰ ਪਸੰਦ ਕਰ ਰਹੇ ਹਨ, ਕਿਉਕਿ ਗੰਨੇ ਦਾ ਜੂਸ ਗੁਣਕਾਰੀ ਹੋਣ ਕਾਰਨ ਜਿੱਥੇ ਸਰੀਰ ਨੂੰ ਊਰਜਾ ਦਿੰਦਾ ਹੈ, ਉੱਥੇ ਹੀ ਹੋਰਨਾਂ ਜੂਸ ਨਾਲੋ ਸਸਤਾ ਵੀ ਹੈ। ਉਪਾਅ ਨਾਲ ਕਰੋ ਗਰਮੀ ਤੋਂ ਬਚਾਅ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਮੁਤਾਬਕ ਦਿਨ ਦੇ ਸਮੇਂ, ਖ਼ਾਸ ਕਰਕੇ ਦੁਪਹਿਰ ਵੇਲੇ ਜੇਕਰ ਜਰੂਰੀ ਨਾ ਹੋਵੇ ਤਾਂ ਘਰੋ ਬਾਹਰ ਨਾ ਨਿਕਲਿਆ ਜਾਵੇ, ਜੇ ਜਾਣਾ ਹੈ ਤਾਂ ਛੱਤਰੀ ਜਾਂ ਸਿਰ ਢੱਕ ਕੇ ਬਾਹਰ ਨਿਕਲੋ। ਵੱਧ ਤੋਂ ਵੱਧ ਪਾਣੀ ਪੀਓ, ਜੂਸ ਅਤੇ ਤਾਜ਼ੇ ਫਲਾਂ ਦਾ ਸੇਵਨ ਕੀਤਾ ਜਾਵੇ। ਜਿਨਾਂ ਹੋ ਸਕੇ ਮਸਾਲੇਦਾਰ ਖਾਣਿਆਂ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਸਿਰ ਦਰਦ, ਬੁਖਾਰ, ਪੇਟ ਦਰਦ ਜਾਂ ਦਸਤ ਹੋਣ ਤਾਂ ਤੁਰੰਤ ਡਾਕਟਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ।