ਅਧਿਆਪਕਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਲਾਇਆ ਧਰਨਾ
ਅਧਿਆਪਕਾਂ ਨੇ ਐਸਐਡੀਐਮ ਦਫਤਰ ਅੱਗੇ ਲਾਇਆ ਧਰਨਾ
Publish Date: Tue, 21 Apr 2026 05:46 PM (IST)
Updated Date: Wed, 22 Apr 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਾਉਣ ਦੇ ਵਿਰੋਧ ’ਚ ਅਧਿਆਪਕਾਂ ਵੱਲੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਤੇ ਹੋਰ ਭਰਾਤਰੀ ਅਧਿਆਪਕ, ਮੁਲਾਜ਼ਮ, ਮਜ਼ਦੂਰ, ਕਿਸਾਨ ਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸਡੀਐੱਮ ਖ਼ਿਲਾਫ਼ ਧਰਨਾ ਦਿੱਤਾ ਗਿਆ। ਡੀਟੀਐੱਫ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਹਰਭਗਵਾਨ ਗੁਰਨੇ, ਗਗਨਦੀਪ ਧੂਰੀ, ਬੀਕੇਯੂ ਉਗਰਾਹਾਂ ਦੇ ਮਹਿੰਦਰ ਸਿੰਘ, ਗੁ. ਰਚਰਨ ਖੋਖਰ, 6505 ਅਧਿਆਪਕ ਯੂਨੀਅਨ ਦੇ ਸੰਸਾਰ ਸਿੰਘ, 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਯੂਨੀਅਨ ਦੇ ਨਿਰਭੈ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਪੈਨਸ਼ਨਰ ਯੂਨੀਅਨ ਦੇ ਚਰਨਜੀਤ ਕੈਂਥ (ਸਮਾਜ ਸੇਵੀ), ਮਿਸਰਾ ਸਿੰਘ, ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਗ਼ੈਰ ਵਿੱਦਿਅਕ ਕੰਮਾਂ ਜਿਵੇਂ ਸਾਰਾ ਸਾਲ ਚੱਲਣ ਵਾਲੀ ਬੀਐੱਲਓ ਡਿਊਟੀ, ਸਿਹਤ ਬੀਮਾ ਕਾਰਡ, ਨਸ਼ਿਆਂ ਦਾ ਸਰਵੇਖਣ, ਜਨਗਣਨਾ ਆਦਿ ਡਿਊਟੀਆਂ ਲਈ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਲਗਾਤਾਰ ਸਕੂਲੋਂ ਬਾਹਰ ਕੱਢਿਆ ਹੋਇਆ ਹੈ। ਅਜਿਹੇ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗ ਦੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਰਕਾਰ ਤੇ ਸਥਾਨਕ ਪ੍ਰਸ਼ਾਸ਼ਨ ਦੁਆਰਾ ਵਿਦਿਆਰਥੀਆਂ ਤੋਂ ਉਨ੍ਹਾਂ ਦਾ ਸਿੱਖਿਆ ਦਾ ਮੌਲਿਕ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਡੀਐੱਮ ਦੇ ਦਫ਼ਤਰ ਦੇ ਬਾਹਰ ਧਰਨਾ ਇਸ ਲਈ ਲਾ ਰਹੇ ਹਨ ਕਿਉਂਕਿ ਇਸ ਨੇ ਦੋ ਕਦਮ ਅੱਗੇ ਜਾ ਕੇ ਜਨਤਕ ਸਿੱਖਿਆ ਦਾ ਨੁਕਸਾਨ ਕੀਤਾ ਹੈ ਤੇ ਸਕੱਤਰ ਸਕੂਲ ਸਿੱਖਿਆ ਅਤੇ ਡੀਸੀ ਸੰਗਰੂਰ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਿਯਮਾਂ ਅਨੁਸਾਰ ਅਧਿਆਪਕ ਦੀ ਬੀਐੱਲਓ ਡਿਊਟੀ ਨਹੀਂ ਕੱਟੀ ਬਲਕਿ ਇਸ ਮਸਲੇ ਉੱਤੇ ਜਥੇਬੰਦੀ ਦੀ ਗੱਲ ਸੁਣਨ ਨੂੰ ਵੀ ਇਹ ਅਧਿਕਾਰੀ ਤਿਆਰ ਨਹੀਂ ਸੀ। ਇਸ ਨੇ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਕੱਢ ਕੇ ਉਸਦੀ ਜਾਇਜ਼ ਗੱਲ ਸੁਣਨ ਦੀ ਬਜਾਏ ਉਸ ’ਤੇ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਜਨਤਕ ਸਿੱਖਿਆ ਨੂੰ ਬਰਬਾਦ ਕਰਨ ਦੀ ਇਸ ਨੀਤੀ ਤੋਂ ਬਾਜ ਨਹੀਂ ਆਉਂਦਾ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਹਲਕੇ ਵਿੱਚ ਅਧਿਆਪਕ ਅਖੌਤੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਣਗੇ ਅਤੇ ਆਮ ਲੋਕਾਂ ਤੱਕ ਪਹੁੰਚ ਕਰ ਕੇ ਸਰਕਾਰ ਦੀ ਅਸਲੀਅਤ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਸੁਖਜਿੰਦਰ ਸੰਗਰੂਰ, ਜਸਬੀਰ ਨਮੋਲ, ਯਾਦਵਿੰਦਰ ਧੂਰੀ, ਪਵਨ ਸੰਗਰੂਰ, ਸੁਖਪਾਲ ਧੂਰੀ, ਮਹਿੰਦਰ ਪ੍ਰਤਾਪ, ਰਾਜਵੀਰ ਨਾਗਰਾ, ਜਗਦੀਪ ਸੰਗਰੂਰ, ਸਤਵੀਰ ਭੁਪਾਲ, ਵਿਨੋਦ ਮੂਨਕ ਮੌਜੂਦ ਸਨ।