ਆਊਟਸੋਰਸ ਅਧਿਆਪਕ ਤਨਖਾਹ ਤੋਂ ਵਾਂਝੇ : ਜੀਟੀਯੂ
ਆਊਟਸੋਰਸ ਅਧਿਆਪਕ ਤਨਖਾਹ ਤੋਂ ਵਾਂਝੇੇ-ਜੀਟੀਯੂ
Publish Date: Sun, 19 Apr 2026 03:51 PM (IST)
Updated Date: Mon, 20 Apr 2026 04:01 AM (IST)
- ਸਰਕਾਰ ਬਿਨਾਂ ਸ਼ਰਤ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰੇ : ਜਸਵਿੰਦਰ ਸਿੰਘ ਸਮਾਣਾ
- ਬਿਨਾਂ ਤਨਖਾਹਾਂ ਤੋਂ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਦੀ ਚਾਹਵਾਨ : ਪਰਮਜੀਤ ਸਿੰਘ ਪਟਿਆਲਾ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਹੈ ਉਦੋਂ ਤੋਂ ਹੀ ਮੁਲਾਜ਼ਮ ਆਪਣੀਆਂ ਤਨਖਾਹਾਂ ਧਰਨੇ ਮੁਜ਼ਾਹਰੇ ਕਰਕੇ ਹੀ ਲੈਣ ਯੋਗ ਹੋ ਰਹੇ ਹਨ । ਮੁਲਾਜ਼ਮਾਂ ਦਾ 16 ਫੀਸਦੀ ਡੀਏ, ਪੇ ਕਮਿਸ਼ਨ ਦਾ ਬਕਾਇਆ ਪੁਰਾਣੀ ਪੈਨਸ਼ਨ ਇਹ ਸਾਰੇ ਸਰਕਾਰ ਵੱਲੋਂ ਕੀਤੇ ਵਾਅਦੇ ਹੁਣ ਤੱਕ ਧਰੇ ਧਰਾਏ ਰਹਿ ਗਏ ਹਨ । ਇਹ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਰਦਿਆ ਆਖਿਆ ਕਿ ਹੁਨਰ ਸਿੱਖਿਆ ਦੇ ਤਹਿਤ ਆਊਟਸੋਰਸ ਅਧਿਆਪਕਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਮੁਲਾਜ਼ਮਾਂ ਲਈ ਬਹੁਤ ਅਹਿਮ ਮਹੀਨਾ ਹੁੰਦਾ ਹੈ। ਇਨ੍ਹਾਂ ਮਹੀਨਿਆਂ ’ਚ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਦਾਖਲੇ, ਬੱਚਿਆਂ ਦੀ ਵਰਦੀ ਦੀ ਖਰੀਦ,ਕਣਕ ਖਰੀਦਣੀ, ਇਨਕਮ ਟੈਕਸ ਰਿਟਰਨਾਂ ਦੇ ਬਕਾਏ ਆਦਿ ਕਈ ਖਰਚੇ ਹੁੰਦੇ ਹਨ ।
ਇਸ ਦੇ ਨਾਲ ਹੀ ਵੱਧਦੀ ਮਹਿੰਗਾਈ ਕਰਕੇ ਵੀ ਇੰਨੀ ਤਨਖਾਹ ਵਿੱਚ ਵੀ ਆਮ ਆਦਮੀ ਦਾ ਗੁਜ਼ਾਰਾ ਬਹੁਤ ਔਖਾ ਹੈ। ਪਰ ਸਰਕਾਰ ਬਿਲਕੁਲ ਹੀ ਮੁਲਾਜ਼ਮ ਵਿਰੋਧੀ ਸਾਬਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਬਿਨਾਂ ਤਨਖਾਹ ਦਿੱਤੇ ਅਧਿਆਪਕਾਂ ਤੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਚੱਕਰਾਂ ਵਿੱਚ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਅਧਿਆਪਕ ਮੁਲਾਜ਼ਮਾਂ ਨੂੰ ਛੇਤੀ ਤਨਖਾਹ ਨਾ ਦਿੱਤੀ ਗਈ ਤਾਂ ਸਰਕਾਰ ਖ਼ਿਲਾਫ਼ ਗੌਰਮਿੰਟ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਅਧਿਆਪਕ ਵੱਡੇ ਸੰਘਰਸ਼ ਉਲੀਕਣਗੇ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ, ਹੁਨਰ ਸਿੱਖਿਆ ਤਹਿਤ ਲੱਗੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਗੌਰਵ ਤੇ ਸੁਮਿਤ ਸਾਥੀ ਵੀ ਹਾਜ਼ਰ ਰਹੇ।