ਮਾਨਸਿਕ ਰੋਗਾਂ ਦੇ ਹੱਲ ਬਾਰੇ ਲਾਈ ਵਰਕਸ਼ਾਪ
ਮਾਨਸਿਕ ਰੋਗਾਂ ਦੇ ਹੱਲ ਬਾਰੇ ਲਾਈ ਗਈ ਇਕ ਵਿਸ਼ੇਸ਼ ਵਰਕਸ਼ਾਪ
Publish Date: Sat, 31 Jan 2026 05:45 PM (IST)
Updated Date: Sat, 31 Jan 2026 05:49 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਟਿਆਲਾ ਜ਼ੋਨ ਲਈ ਮਾਨਸਿਕ ਰੋਗਾਂ ਦੀ ਰੋਕਥਾਮ ਬਾਰੇ ਬੰਗ ਮੀਡੀਆ ਹਾਲ ਵਿਚ ਲਾਈ ਗਈ ਇੱਕ ਵਿਸ਼ੇਸ਼ ਵਰਕਸ਼ਾਪ ਵਿੱਚ ਤਰਕਸ਼ੀਲ ਮੈਗਜ਼ੀਨ ਦੇ ਸਾਬਕਾ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਅਤੇ ਸੁਸਾਇਟੀ ਦੇ ਸੂਬਾ ਆਗੂ ਸ੍ਰੀ ਜੁਝਾਰ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜਿਸ ਵਿੱਚ ਘਨੌਰ, ਚੰਨੋਂ ਅਤੇ ਪਟਿਆਲਾ ਜ਼ੋਨ ਦੇ ਬਹੁਤ ਸਾਰੇ ਤਰਕਸ਼ੀਲ ਮੈਂਬਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਤਰਕਸ਼ੀਲ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਇਸ ਪੂੰਜੀਵਾਦੀ ਵਿਵਸਥਾ ਵਿਚ ਸਮਾਜ ਦੀਆਂ ਮਾਨਸਿਕ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ ਅਤੇ ਇਸ ਦੇ ਸਵਰੂਪ ਵੀ ਬਦਲਦੇ ਜਾ ਰਹੇ ਹਨ। ਸੁਸਾਇਟੀ ਕੋਲ ਪਹਿਲਾਂ ਭੂਤਾਂ ਪਰੇਤਾਂ, ਟੂਣਿਆਂ ਅਤੇ ਘਰ ਵਿੱਚ ਰੋੜੇ ਵਜਣਾਂ ਜਾ ਕਪੜੇ ਕੱਟੇ ਜਾਣ ਦੇ ਕੇਸ ਆਉਂਦੇ ਸਨ ਪਰ ਅੱਜ ਕੱਲ੍ਹ ਆਰਥਿਕ ਅਤੇ ਸਮਾਜਿਕ ਤੰਗੀਆਂ ਦੇ ਕਾਰਨ ਪੈਦਾ ਹੋਏ ਰੋਗਾਂ ਦੇ ਕੇਸ ਮਾਨਸਿਕ ਸਿਹਤ ਮਸ਼ਵਰਾ ਕੇਂਦਰਾਂ ਵਿੱਚ ਜ਼ਿਆਦਾ ਆ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਕਿ ਮੌਜੂਦਾ ਪੂੰਜੀਵਾਦੀ ਪ੍ਰਬੰਧ ਵਿਚ ਸਮਾਜੀ ਰਿਸ਼ਤਿਆਂ ਵਿਚ ਤਣਾਓ ਵੱਧ ਰਿਹਾ ਹੈ। ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਇਹ ਦੌਰ ਵਡੀਆਂ ਤਬਦੀਲੀਆਂ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਵੇਲੇ ਵੱਡੀ ਸਮਾਜਿਕ ਅਤੇ ਰਾਜਨੀਤਕ ਤਬਦੀਲੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਉਸਾਰੂ ਮਾਹੌਲ ਤੋਂ ਵਿਰਵੇ ਰੱਖਦੇ ਹਾਂ ਤਾਂ ਸਾਡਾ ਕੱਲ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦਾ। ਇਸ ਵਰਕਸ਼ਾਪ ਵਿੱਚ ਜ਼ੋਨ ਮੀਡੀਆ ਮੁੱਖੀ ਆਰਐੱਸ ਬੰਗ, ਬੀਬੀ ਕੁਲਵੰਤ ਕੌਰ ਪਟਿਆਲਾ ਜ਼ੋਨ ਜਥੇਬੰਦਕ ਮੁਖੀ, ਰਾਮ ਕੁਮਾਰ ਢੱਕੜਬਾ, ਪ੍ਰੋ. ਪੂਰਨ ਸਿੰਘ ਮੁਖੀ ਪਟਿਆਲਾ ਇਕਾਈ ਅਤੇ ਤਰਸੇਮ ਭਵਾਨੀਗੜ੍ਹ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਤੀਸ਼ ਕੁਮਾਰ ਆਲੋਵਾਲ, ਗੁਰਤੇਜ਼ ਸਿੰਘ ਘਨੌਰ, ਹਰਪਾਲ ਸਿੰਘ, ਉਮੇਸ਼ ਚੰਨੋਂ, ਸੁਖਦੀਪ ਚੰਨੋਂ, ਰਾਜਿੰਦਰ ਸਿੰਘ, ਗੁਰਬਚਨ ਸਿੰਘ, ਗੁਰਿੰਦਰ ਸਿੰਘ, ਜਯੋਤੀ, ਏਕਮਜੋਤ ਸਿੰਘ, ਹਰਸ਼ਪ੍ਰੀਤ ਅਤੇ ਸੁਰੇਸ਼ ਸਿੰਘ ਆਦਿ ਨੇ ਵੀ ਇਸ ਲਾਹੇਵੰਦ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ।