ਟਾਂਗਰੀ ਨਦੀ ਦੀ ਖੁਦਾਈ ਤੇ ਬੰਨ੍ਹਾਂ ਦੀ ਮਜਬੂਤੀ ਦਾ ਕੰਮ ਚੱਲ ਰਿਹਾ ਹੈ ਕਛੂਏ ਦੀ ਚਾਲ
ਟਾਂਗਰੀ ਨਦੀ ਦੀ ਖੁਦਾਈ ਅਤੇ ਬੰਨਾਂ ਦੀ ਮਜਬੂਤੀ ਦਾ ਕੰਮ ਚੱਲ ਰਿਹਾ ਹੈ ਕਛੂਏ ਦੀ ਚਾਲ
Publish Date: Mon, 09 Feb 2026 06:25 PM (IST)
Updated Date: Mon, 09 Feb 2026 06:26 PM (IST)

--ਨਦੀ ’ਚ ਕਈ ਕਿਸਾਨਾਂ ਦੀ ਜ਼ਮੀਨ ਤੇ ਰਸਤੇ ਬਣੇ ਖੁਦਾਈ ਦੇ ਕੰਮ ’ਚ ਅਡ਼ਿੱਕਾ ਫੋਟੋ 9ਪੀਟੀਐਲ: 31 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟਾਂਗਰੀ ਨਦੀ ਦੇ ਹਡ਼੍ਹ ਦੀ ਮਾਰ ਹੇਠ ਆਉਂਦੇ ਕਿਸਾਨਾਂ ਦੀ ਬਡ਼ੇ ਚਿਰ ਦੀ ਮੰਗ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬੂਰ ਪਿਆ, ਜਦੋਂ ਕਿ ਉਸ ਸਮੇਂ ਦੇ ਮਾਈਨਿੰਗ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਇਲਾਕੇ ਦੇ ਲੋਕਾਂ ਨਾਲ ਟਾਂਗਰੀ ਨਦੀ ਦੇ ਪੁਲ ਨੇਡ਼ੇ ਬੈਠ ਕੇ ਟਾਂਗਰੀ ਨਦੀ ਦੀ ਖੁਦਾਈ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ, ਜਿਸ ਮੀਟਿੰਗ ਵਿਚ ਡਰੇਨ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਜਿਨ੍ਹਾਂ ਨੂੰ ਟਾਂਗਰੀ ਨਦੀ ਦੀ ਖੁਦਾਈ ਲਈ ਪ੍ਰਪੋਜ਼ਲ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਮੰਤਰੀ ਵੱਲੋਂ ਉਸ ਸਮੇਂ ਹਾਜ਼ਰ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਗਿਆ ਸੀ ਕਿ ਝੋਨੇ ਦੀ ਕਟਾਈ ਤੋਂ ਬਾਅਦ ਇਸ ਟਾਂਗਰੀ ਨਦੀ ਤੇ ਕੰਮ ਸ਼ੁਰੂ ਹੋ ਜਾਵੇਗਾ। ਕੁਝ ਮਹੀਨਿਆਂ ਬਾਅਦ ਇਸ ਹਲਕੇ ਦੇ ਨਵ ਨਿਯੁਕਤ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕੁਝ ਮਹੀਨੇ ਪਹਿਲਾਂ ਇਸ ਨਦੀ ਦੀ ਖੁਦਾਈ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਸੀ। ਪਹਿਲਾਂ ਪਹਿਲਾਂ ਤਾਂ ਡਰੇਨ ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਸਬੰਧਤ ਠੇਕੇਦਾਰ ਵੱਲੋਂ ਟਾਂਗਰੀ ਦੀ ਖੁਦਾਈ ਦਾ ਕੰਮ ਤੇਜ਼ੀ ਨਾਲ ਚੱਲਿਆ, ਪਰ ਕੁਝ ਸਮੇਂ ਬਾਅਦ ਇਸ ਕੰਮ ਦੀ ਰਫਤਾਰ ਘੱਟਦੀ ਗਈ। ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਰਣਜੋਧ ਸਿੰਘ ਹਡਾਣਾ ਨੇ ਅਚਨਚੇਤ ਟਾਂਗਰੀ ਨਦੀ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ ਸੀ ਜਿਸ ਵਿਚ ਕਾਫੀ ਖਾਮੀਆਂ ਪਾਈਆਂ ਗਈਆਂ ਸਨ, ਜਿਸਤੇ ਉਨ੍ਹਾਂ ਅਧਿਕਾਰੀਆਂ ਨੂੰ ਤਾਡ਼ਨਾ ਕਰਦਿਆਂ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਕਿਹਾ। ਇਸ ਸਬੰਧੀ ਡਰੇਨ ਵਿਭਾਗ ਦੇ ਐਸ.ਡੀ.ਓ. ਅਰੁਸ਼ ਮਹਿਤਾ ਨੇ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਟਾਂਗਰੀ ਨਦੀ ਵਿੱਚ ਜਿਨ੍ਹਾਂ ਕੁਝ ਕੁ ਕਿਸਾਨਾਂ ਦੀਆਂ ਜ਼ਮੀਨਾਂ ਆਉਂਦੀਆਂ ਹਨ ਉਹ ਕਹਿ ਰਹੇ ਹਨ ਕਿ ਪਹਿਲਾਂ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਹੀ ਉਸ ਜ਼ਮੀਨ ਵਿੱਚੋਂ ਮਿੱਟੀ ਪੁੱਟਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਦੁੱਧਨਸਾਧਾਂ ਨੂੰ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੀ ਜਮੀਨ ਨੂੰ ਟਾਂਗਰੀ ਵਿੱਚ ਦੀ ਰਸਤੇ ਲਗਦੇ ਹਨ, ਉਹ ਕਿਸਾਨ ਉਸ ਜਗ੍ਹਾ ਚੋਂ ਮਿੱਟੀ ਪੁੱਟਣ ਨਹੀਂ ਦਿੰਦੇ। ਪਿੰਡ ਔਝਾਂ ਤੇ ਪਿੰਡ ਅਲੀਪੁਰ ਵਜ਼ੀਰ ਸਾਹਿਬ ਨੇਡ਼ੇ ਬੰਨ੍ਹ ਉਪਰ ਪਿੰਡ ਵਾਸੀਆਂ ਨੇ ਇੱਟਾਂ ਲਗਾ ਕੇ ਬੰਨ੍ਹ ਪੱਕਾ ਰਸਤਾ ਬਣਾਇਆ ਹੋਇਆ ਹੈ। ਉੱਥੇ ਵੀ ਕੁਝ ਰੁਕਾਵਟ ਆ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਕੁਝ ਦਿਨਾਂ ਵਿੱਚ ਉਹ ਬੰਨ੍ਹ ਤੋਂ ਇੱਟਾਂ ਪੁੱਟ ਲੈਣ ਤਾਂ ਕਿ ਬੰਨ੍ਹ ਉੱਪਰ ਮਿੱਟੀ ਪਾਈ ਜਾ ਸਕੇ। ਇਨ੍ਹਾਂ ਕਾਰਨਾਂ ਕਰਕੇ ਹੀ ਟਾਂਗਰੀ ਨਦੀ ਦੀ ਖੁਦਾਈ ਅਤੇ ਬੰਨ੍ਹਾਂ ਨੂੰ ਮਜਬੂਤ ਕਰਨ ਦਾ ਕੰਮ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ। ਇਲਾਕੇ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਇਨ੍ਹਾਂ ਰੁਕਵਟਾਂ ਨੂੰ ਜਲਦ ਤੋਂ ਜਲਦ ਦੂਰ ਕਰਵਾ ਕੇ ਖੁਦਾਈ ਦੇ ਕੰਮ ਨੂੰ ਤੇਜ ਕਰਵਾਵੇ ਤਾਂ ਕਿ ਬਰਸਾਤਾਂ ਦੇ ਦਿਨਾਂ ’ਚ ਹਡ਼ਾਂ ਦੇ ਪਾਣੀ ਨਾਲ ਹੁੰਦੇ ਫਸਲਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ।