ਥਾਣੇਦਾਰ ਚੌਹਾਨ ਦੇ ਚੋਣ ਲੜਨ ਦੀ ਚਰਚਾ ਨੇ ਸਿਆਸੀ ਪਾਰਾ ਵਧਾਇਆ
ਥਾਣੇਦਾਰ ਚੌਹਾਨ ਦੇ ਚੋਣ ਲੜਨ ਦੀ ਚਰਚਾ ਨੇ ਸਿਆਸੀ ਪਾਰਾ ਵਧਾਇਆ
Publish Date: Sun, 01 Mar 2026 03:20 PM (IST)
Updated Date: Mon, 02 Mar 2026 03:58 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : 2027 ਵਿਚ ਪੰਜਾਬ ਸੂਬੇ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਪਾਰਟੀਆਂ ਪੱਬਾਂ ਭਾਰ ਹੋਈਆਂ ਦਿਖਾਈ ਦੇ ਰਹੀਆਂ ਹਨ ਉੱਥੇ ਹੀ ਇਕ ਨਵੇਂ ਚਿਹਰੇ ਸਬ ਇੰਸਪੈਕਟਰ ਚੰਨਾ ਸਿੰਘ ਚੌਹਾਨ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਚੋਣ ਲੜਨ ਦੀ ਚਰਚਾ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ। ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਸੇਵਾ ਨਿਭਾ ਰਹੇ ਚੰਨਾ ਸਿੰਘ ਚੌਹਾਨ ਦੀ ਜ਼ਿਆਦਾਤਰ ਸਰਵਿਸ ਹਲਕਾ ਸ਼ੁਤਰਾਣਾ ਵਿਚ ਹੀ ਰਹੀ ਹੋਣ ਕਾਰਨ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿਚ ਇਥੋਂ ਤਕ ਕਿ ਬਹੁਤ ਗਿਣਤੀ ਆਬਾਦੀ ਵਿਚ ਉਨ੍ਹਾਂ ਦੇ ਨਿੱਜੀ ਤਾਲੁਕਾਤ ਹੋਣ ਕਾਰਨ ਚੰਨਾ ਸਿੰਘ ਚੌਹਾਨ ਹਲਕਾ ਸ਼ੁਤਰਾਣਾ ਤੋਂ ਇਕ ਮਜ਼ਬੂਤ ਉਮੀਦਵਾਰ ਸਾਬਤ ਹੋ ਸਕਦੇ ਹਨ। ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਤੋਂ ਇਕੱਤਰ ਹੋਈਆਂ ਰਿਪੋਰਟਾਂ ਅਨੁਸਾਰ ਜੇਕਰ ਚੰਨਾ ਸਿੰਘ ਚੌਹਾਨ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਮੈਦਾਨ ਵਿਚ ਉਤਰਦੇ ਹਨ ਤਾਂ ਉਹ ਇਕ ਵੱਡੀ ਲੀਡ ਦੇ ਨਾਲ ਚੋਣ ਮੈਦਾਨ ਫਤਿਹ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਥਾਣੇਦਾਰ ਚੰਨਾ ਸਿੰਘ ਚੌਹਾਨ ਨੇ ਸੰਨ 2023 ਦੌਰਾਨ ਆਏ ਹੜਾਂ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ। ਇਥੋਂ ਤੱਕ ਕੀ ਉਹਨਾਂ ਦੇ ਮਾਲ ਡੰਗਰ ਦਾ ਨੁਕਸਾਨ ਵੀ ਬਚਾਇਆ ਅਤੇ ਹੜਾਂ ਦੌਰਾਨ ਪੰਜਾਬ ਦੇ ਬਾਕੀ ਹਿੱਸਿਆਂ ਅਤੇ ਬਾਹਰਲੇ ਸੂਬਿਆਂ ਵਿੱਚੋਂ ਆਈ ਸਹਾਇਤਾ ਵੀ ਲੋਕਾਂ ਤੱਕ ਪਹੁੰਚਾਉਂਦੇ ਰਹੇ। ਲੋਕਾਂ ਦਾ ਕਹਿਣਾ ਸੀ ਕਿ ਹੜਾਂ ਦੌਰਾਨ ਜਿੱਥੇ ਆਮ ਸਿਆਸੀ ਲੀਡਰ ਇੱਕ ਵਾਰ ਗੇੜਾ ਮਾਰ ਕੇ ਫੋਰਮੈਲਟੀ ਕਰਕੇ ਚਲੇ ਗਏ ਉੱਥੇ ਚੰਨਾ ਸਿੰਘ ਚੌਹਾਨ ਵਰਗੇ ਅਫਸਰਾਂ ਨੇ ਲਗਾਤਾਰ ਉਹਨਾਂ ਨਾਲ ਸੰਪਰਕ ਰੱਖਿਆ ਅਤੇ ਕਿਸੇ ਵੀ ਪਰੇਸ਼ਾਨੀ ਦੀ ਸੂਰਤ ਵਿੱਚ ਹਰ ਸਮੇਂ ਮਦਦ ਲਈ ਭਰੋਸਾ ਦਿੱਤਾ। ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਚੱਲ ਰਹੀਆਂ ਚਰਚਾਵਾਂ ਅਨੁਸਾਰ ਜੇਕਰ ਥਾਣੇਦਾਰ ਚੰਨਾ ਸਿੰਘ ਚੌਹਾਨ ਹਲਕਾ ਸ਼ੂਤਰਾਣਾ ਤੋਂ ਉਮੀਦਵਾਰ ਬਣਦੇ ਹਨ ਤਾਂ ਲੋਕ ਪਾਰਟੀਬਾਜੀ ਤੋਂ ਉੱਠ ਕੇ ਉਹਨਾਂ ਦੀ ਮਦਦ ਕਰਨਗੇ।