ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਗਮ ਕਰਵਾਇਆ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਕਿੰਡਰਗਾਰਟਨ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ
Publish Date: Wed, 25 Mar 2026 05:32 PM (IST)
Updated Date: Wed, 25 Mar 2026 05:35 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾਂ ਵਿਖੇ ਐਸ.ਕੇ.ਜੀ. (ਸੀਨੀਅਰ ਕਿੰਡਰਗਾਰਟਨ) ਜਮਾਤ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਰੋਹ ਬਡ਼ੇ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਪਣੀ ਸਿੱਖਿਆ ਯਾਤਰਾ ਦੇ ਪਹਿਲੇ ਪਡ਼ਾਅ ਨੂੰ ਪੂਰਾ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਸਵਾਗਤੀ ਗੀਤ, ਲੋਕ ਨਾਚ ਗਿੱਧਾ, ਤੁਕਬੰਦੀਆਂ (ਰਾਈਮਜ਼) ਅਤੇ ਕਹਾਣੀ ਰਾਹੀਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਲੋਹਾ ਮਨਵਾਇਆ। ਨਿੱਕੇ-ਨਿੱਕੇ ਵਿਦਿਆਰਥੀਆਂ ਦੇ ਉਤਸ਼ਾਹਪੂਰਨ ਪ੍ਰਦਰਸ਼ਨ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਮਾਪਿਆਂ ਲਈ ਵਿਸ਼ੇਸ਼ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਬੈਂਗਲਜ਼ ਤੇ ਪੈਰਾਮਿਡ ਗੇਮ ਸ਼ਾਮਲ ਸਨ। ਮਾਪਿਆਂ ਨੇ ਵੱਧ-ਚਡ਼੍ਹ ਕੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਅਤੇ ਸਕੂਲ ਦੇ ਸਹਿਯੋਗੀ ਮਾਹੌਲ ਦੀ ਸ਼ਲਾਘਾ ਕੀਤੀ। ਗਰਾਮ ਦੌਰਾਨ ਮਾਪਿਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਵਿਦਿਆਰਥੀ ਏਕਮਜੋਤ ਕੌਰ ਨੇ ਆਪਣੇ ਸਾਥੀਆਂ ਵੱਲੋਂ ਭਾਸ਼ਣ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਸਮਾਰੋਹ ਦੇ ਅੰਤ ਵਿਚ ਸਾਰੇ ਐਸ.ਕੇ.ਜੀ. ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਬੱਚਿਆਂ ਦੀ ਮਿਹਨਤ ਅਤੇ ਅਭਿਭਾਵਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਗ੍ਰੈਜੂਏਸ਼ਨ ਬੱਚਿਆਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਪਡ਼ਾਅ ਹੈ ਅਤੇ ਸਕੂਲ ਵੱਲੋਂ ਉਨ੍ਹਾਂ ਦੇ ੳੱੁਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਮੌਜੂਦ ਸਨ।