ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੇ 64.62 ਲੱਖ ਰੁਪਏ
ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੇ 64.62 ਲੱਖ ਰੁਪਏ
Publish Date: Sat, 28 Feb 2026 04:46 PM (IST)
Updated Date: Sat, 28 Feb 2026 04:46 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਕੋਲੋਂ 64.62 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਨੇ ਮਾਂ-ਪੁੱਤਰ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਮੁੰਨੀ ਦੇਵੀ ਅਤੇ ਉਸ ਦਾ ਪੁੱਤਰ ਮਨਜੀਤ ਵਾਸੀ ਆਰੀਅਨ ਨਗਰ ਹਾਂਸੀ ਹਿਸਾਰ ਹਰਿਆਣਾ ਅਤੇ ਅਸ਼ੋਕ ਵਾਸੀ ਸਮਾਣਾ ਸਾਮਲ ਹਨ। ਸਿਟੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਵੀਕਾਂਤ ਸਿੰਘ ਵਾਸੀ ਪਿੰਡ ਖਨਾਲ ਕਲਾਂ ਜ਼ਿਲਾ ਸੰਗਰੂਰ ਵੱਲੋਂ ਜ਼ਿਲ੍ਹਾ ਪੁਲਿਸ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ ਅਤੇ ਉਸ ਦਾ ਦੋਸਤ ਹਿਮਾਂਸ਼ੂ ਵਾਸੀ ਇੰਦਰਾਪੁਰੀ ਸਮਾਣਾ ਸਰਕਾਰੀ ਨੌਕਰੀ ਦੀ ਇੱਛਾ ਰੱਖਦੇ ਸਨ। ਇਸ ਦੌਰਾਨ ਚੰਡੀਗੜ੍ਹ ਵਿਚ ਪੜ੍ਹਾਈ ਅਤੇ ਨਿਵਾਸ ਦੌਰਾਨ ਦੋਸਤਾਂ ਰਾਹੀਂ ਉਸ ਦਾ ਸੰਪਰਕ ਮਨਜੀਤ ਨਾਲ ਹੋਇਆ, ਜਿਸ ਨੇ ਹਿਮਾਂਸ਼ੂ ਨੂੰ ਦਿੱਲੀ ਪੁਲਿਸ ਵਿਚ ਅਫਸਰ ਲਗਵਾਉਣ ਲਈ 50 ਲੱਖ ਰੁਪਏ ਅਤੇ ਉਸ ਨੂੰ ਇਨਕਮਟੈਕਸ ਵਿਭਾਗ ਵਿਚ 20 ਲੱਖ ਰੁਪਏ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ। ਇਨ੍ਹਾਂ ਨੌਕਰੀਆਂ ਲਈ ਮਨਜੀਤ ਨੇ ਕੁਝ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਉਨ੍ਹਾਂ ਨੂੰ ਕਿਸੇ ਕਥਿਤ ਅਧਿਕਾਰੀ ਨੂੰ ਮਿਲਾਇਆ ਅਤੇ ਨੌਕਰੀ ਦਿਵਾਉਣ ਦਾ ਵਿਸ਼ਵਾਸ ਦਿੱਤਾ। ਹਿਮਾਂਸ਼ੂ ਦੇ ਘਰ ਜਾਣ ਤੇ ਉਸ ਦੇ ਪਿਤਾ ਨੂੰ ਭਰੋਸੇ ਵਿਚ ਲੈ ਕੇ 30 ਲੱਖ ਰੁਪਏ ਨਕਦ ਅਤੇ ਉਸ ਕੋਲੋਂ ਵੀ 10 ਲੱਖ ਰੁਪਏ ਨਗਦ ਲਏ ਅਤੇ ਅਸ਼ੋਕ ਦੇ ਨਾਲ ਮਿਲ ਕੇ ਵੱਖ-ਵੱਖ ਸਮਿਆਂ ਅਤੇ ਸਥਾਨਾਂ ’ਤੇ ਆਪਣੇ ਅਤੇ ਆਪਣੀ ਮਾਤਾ ਮੁੰਨੀ ਦੇਵੀ ਦੇ ਅਕਾਊਂਟ ਵਿਚ ਰਕਮ ਜਮ੍ਹਾਂ ਕਰਵਾਈ। ਉਸ ਤੋਂ ਬਾਅਦ ਮਨਜੀਤ ਨੇ ਨਾ ਤਾਂ ਉਨ੍ਹਾਂ ਨੂੰ ਨੌਕਰੀ ’ਤੇ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਬਲਕਿ ਉਨ੍ਹਾਂ ਦੇ ਫੋਨ ਚੁਕਨੇ ਵੀ ਬੰਦ ਕਰ ਦਿੱਤੇ। ਅਧਿਕਾਰੀਆਂ ਅਨੁਸਾਰ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਤਲਾਹ ਦੇਣ ਦੇ ਬਾਵਜੂਦ ਮੁਲਜ਼ਮ ਜਾਂਚ ਵਿਚ ਸ਼ਾਮਲ ਨਹੀਂ ਹੋਏ। ਜਿਸ ਦੇ ਬਾਅਦ ਦਿੱਤੇ ਗਏ ਹੁਕਮਾਂ ਤੇ ਸਿਟੀ ਪੁਲਸ ਨੇ ਮੁਲਜ਼ਮਾਂ ’ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਖ਼ਿਲਾਫ਼ ਆਪਣੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।