ਸਿੱਖਿਆ ਨੂੰ ਅਸਾਨ ਤੇ ਪ੍ਰਭਾਵੀ ਬਣਾਉਣ ’ਤੇ ਅਧਿਆਪਕਾ ਮਮਤਾ ਰਾਣੀ ਰਹੀ ਅੱਵਲ
ਸੁਨਾਮ ਦੀ ਅਧਿਆਪਕਾ ਮਮਤਾ ਰਾਣੀ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Mon, 16 Feb 2026 04:11 PM (IST)
Updated Date: Tue, 17 Feb 2026 04:01 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨਿਅਰਿੰਗ ਕਾਲਜ ਵਿਖੇ ਸੂਬਾ ਪੱਧਰੀ ਟੀਚਰ ਫੈਸਟ 2025-26 ਕਰਵਾਇਆ ਗਿਆ। ਇਸ ਵਿਚ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸੁਨਾਮ ਦੀ ਅਧਿਆਪਕਾ ਮਮਤਾ ਰਾਣੀ ਨੇ ਸਿੱਖਿਆ ਨੂੰ ਆਸਾਨ ਤੇ ਪ੍ਰਭਾਵੀ ਬਣਾਉਣ ਵਾਲੀ ਸਪੈਸ਼ਲਾਇਜ਼ਡ ਕਿਟਸ ਸ਼੍ਰੇਣੀ ਵਿਚ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਮਾਗਮ ਦੌਰਾਨ ਅਧਿਆਪਕਾ ਮਮਤਾ ਰਾਣੀ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਇਸ ਅਧਿਆਪਕਾ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤਰਵਿੰਦਰ ਕੌਰ ਦੀ ਰਹਿਨੁਮਾਈ ਤੇ ਮਾਰਗ ਦਰਸ਼ਨ ਹੇਠ ਆਪਣੀ ਚੰਗੀ ਸਿੱਖਿਆ ਦਾ ਪ੍ਰਦਰਸ਼ਨ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਤਰਵਿੰਦਰ ਕੌਰ ਦਾ ਬਿਹਤਰ ਮਾਰਗਦਰਸ਼ਨ ਮਿਲਿਆ ਹੈ। ਇਸਦੇ ਚਲਦਿਆਂ ਅੱਜ ਉਹ ਇਹ ਪ੍ਰਾਪਤੀ ਹਾਸਲ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਨੂੰ ਲਗਨ ਤੇ ਲਗਾਤਾਰਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਇਹ ਵਿਦਿਆਰਥੀ ਆਪਣੇ ਆਉਣ ਵਾਲੇ ਸਮੇਂ ਨਾਲ ਮਜ਼ਬੂਤੀ ਨਾਲ ਨਜਿੱਠ ਸਕਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਨੁਸਾਰ ਪੜ੍ਹਾਈ ਹੀ ਆਉਣ ਵਾਲਾ ਭਵਿੱਖ ਬਣੇਗਾ ਅਤੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਹਨਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਲਈ ਬਿਹਤਰ ਮਾਹੌਲ ਦਿੱਤਾ ਜਾਵੇ ਤਾਂ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਸਮਾਜ ਵਿੱਚ ਚੰਗਾ ਨਾਂਅ ਕਮਾ ਸਕਦੇ ਹਨ। ਉਹਨਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਯੋਗ ਉਪਰਾਲਿਆਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।