ਰਾਜ ਪੱਧਰੀ ਏਆਈ ਹੈਕਾਥਨ ’ਚ ਸੁਨਾਮ ਤੀਜੇ ਸਥਾਨ ’ਤੇ ਰਿਹਾ
ਰਾਜ ਪੱਧਰੀ ਏਆਈ ਹੈਕਾਥਨ 'ਚ ਸੁਨਾਮ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ
Publish Date: Tue, 31 Mar 2026 04:54 PM (IST)
Updated Date: Wed, 01 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਕਰਵਾਈ ਗਈ ਰਾਜ ਪੱਧਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਕਾਥਨ ਪ੍ਰਤੀਯੋਗਤਾ ਵਿੱਚ ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ, ਸੁਨਾਮ ਦੇ ਵਿਦਿਆਰਥੀਆਂ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰੇ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਮੋਹਾਲੀ ਵਿਖੇ ਹੋਏ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੀਆਂ ਕੁੱਲ 22 ਟੀਮਾਂ ਨੇ ਹਿੱਸਾ ਲਿਆ ਸੀ। ਸ਼ਹੀਦ ਊਧਮ ਸਿੰਘ ਸਕੂਲ ਵੱਲੋਂ 11ਵੀਂ (ਨਾਨ-ਮੈਡੀਕਲ) ਦੇ ਵਿਦਿਆਰਥੀ ਹਸ਼ਮੀਤ ਸਿੰਘ, ਅਰਿਹੰਤ ਜੈਨ ਅਤੇ ਓਮਕਾਰ ਨੇ ਆਪਣੀ ਤਕਨੀਕੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਸ਼ਾਨਦਾਰ ਪ੍ਰਦਰਸ਼ਨ ਬਦਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜੇਤੂ ਟੀਮ ਨੂੰ ਸਰਟੀਫਿਕੇਟ ਅਤੇ 3100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।