ਸਮਾਜਸੇਵੀ ਸੁਖਦੇਵ ਸਿੰਘ ਪੰਧੇਰ ਨਹੀਂ ਰਹੇ
ਸਮਾਜਸੇਵੀ ਪੱਤਰਕਾਰ ਸੁਖਦੇਵ ਸਿੰਘ ਪੰਧੇਰ ਨਹੀਂ ਰਹੇ
Publish Date: Thu, 05 Feb 2026 04:48 PM (IST)
Updated Date: Thu, 05 Feb 2026 04:50 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ ਭਾਦਸੋਂ : ਉੱਘੇ ਸਮਾਜਸੇਵੀ ਸੁਖਦੇਵ ਸਿੰਘ ਪੰਧੇਰ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਤਕਰੀਬਨ 70 ਸਾਲ ਦੀ ਉਮਰ ਵਿਚ ਸੰਸਾਰ ਤੋਂ ਕੂਚ ਕਰ ਗਏ ਸੁਖਦੇਵ ਸਿੰਘ ਪੰਧੇਰ ਨੇ ਪੀ.ਆਰ.ਟੀ.ਸੀ. ਦੇ ਪਟਿਆਲਾ ਦਫ਼ਤਰ ਵਿੱਖੇ ਲੰਮਾ ਸਮਾਂ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਈਆਂ ਤੇ ਰਿਟਾਇਰਮੈਂਟ ਤੋਂ ਬਾਅਦ ਖੇਤੀਬਾੜੀ ਦੇ ਨਾਲ ਨਾਲ ਸਮਾਜਸੇਵਾ ਲਈ ਉਸਾਰੂ ਤੇ ਸਮਾਜਪੱਖੀ ਪੱਤਰਕਾਰਤਾ ਦਾ ਰਾਹ ਚੁਣਿਆ। ਪੀਆਰਟੀਸੀ ਦੀ ਮੁਲਾਜ਼ਮ ਜਥੇਬੰਦੀ ਨਾਲ ਵੀ ਆਖਰੀ ਸਾਹਾਂ ਤੱਕ ਉਹ ਸਰਗਰਮੀ ਨਾਲ ਜੁੜੇ ਰਹੇ। ਸਵ. ਸੁਖਦੇਵ ਸਿੰਘ ਪੰਧੇਰ ਦੇ ਪੁੱਤਰ ਪੱਤਰਕਾਰ ਮਨਜੋਤ ਸਿੰਘ ਪੰਧੇਰ ਤੇ ਦਾਮਾਦ ਹਰਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਸੰਖੇਪ ਬਿਮਾਰੀ ਤੋਂ ਕਈ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਪੰਧੇਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਕੇ ਉਸ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਸਨ ਪਰ ਹੁਣ ਅਚਨਚੇਤ ਬਿਮਾਰ ਹੋ ਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਵ. ਪੰਧੇਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਚਹਿਲ ਵਿਖੇ ਹੋਇਆ ਜਿੱਥੇ ਸਾ. ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਡੀਆਈਜੀ ਜੇਲਾਂ ਮਨਜੀਤ ਸਿੰਘ ਟਿਵਾਣਾ,ਮਹੰਤ ਹਰਵਿੰਦਰ ਸਿੰਘ ਖਨੌੜਾ, ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਰੋਡਵੇਜ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ, ਪੱਤਰਕਾਰ ਭਾਈਚਾਰਾ ਤੇ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਵੱਡੀ ਗਿਣਤੀ ‘ਚ ਹਾਜਰ ਸਨ ।