ਸੁਖਬੀਰ ਦਾ ਨਾਭਾ ਰੈਲੀ ਦੌਰਾਨ ਕਾਲੀਆਂ ਝੰਡੀਆਂ ਨਾਲ ਕਰਾਂਗੇ ਵਿਰੋਧ : ਸਹੌਲੀ
ਸੁਖਬੀਰ ਸਿੰਘ ਬਾਦਲ ਦਾ ਨਾਭਾ ਰੈਲੀ ਦੌਰਾਨ ਕਾਲੀਆਂ ਝੰਡੀਆਂ ਨਾਲ ਕਰਾਂਗੇ ਵਿਰੋਧ: ਪਰਮਜੀਤ ਸਹੌਲੀ
Publish Date: Wed, 01 Apr 2026 05:15 PM (IST)
Updated Date: Wed, 01 Apr 2026 05:19 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਤੇ ਕੋਟਕਪੂਰਾ ਵਿਖੇ ਨਿਹੱਥੇ ਸਿੰਘਾਂ ਉੱਪਰ ਗੋਲੀਆਂ ਚਲਵਾਉਣ ਵਾਲੇ ਗੁਰੂ ਘਰ ਦੇ ਦੋਸ਼ੀ ਸੁਖਬੀਰ ਸਿੰਘ ਬਾਦਲ ਦੀ ਨਾਭਾ ਵਿਖੇ 4 ਤਰੀਕ ਨੂੰ ਹੋਣ ਵਾਲੀ ਰੈਲੀ ਦਾ ਕਾਲੀਆਂ ਝੰਡੀਆਂ ਲੈ ਵਿਰੋਧ ਕੀਤਾ ਜਾਵੇਗਾ। ਇਹ ਵਿਚਾਰ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਪ੍ਰਗਟਾਏ। ਸਹੌਲੀ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 4 ਅਪ੍ਰੈਲ ਨੂੰ ਨਵੀਂ ਅਨਾਜ ਮੰਡੀ ਨਾਭਾ ਵਿਖੇ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਅਕਾਲੀ ਦਲ ਸੁਤੰਤਰ ਵੱਲੋਂ ਡੱਟ ਕੇ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਨਾਭਾ ਪਹੁੰਚਣ ’ਤੇ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ, ਕਿਉਂਕਿ ਸੁਖਬੀਰ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਹੈ। ਉਨ੍ਹਾਂ ਦੇ ਕਾਰਜ ਕਾਲ ਦੌਰਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਸਤਿਨਾਮ ਵਾਹਿਗੁਰੂ ਦਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕੋਟਕਪੂਰਾ ਵਿਖੇ ਸੰਗਤਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਸਿੰਘ ਸ਼ਹੀਦ ਹੋਏ ਸਨ, ਜਿਸਦਾ ਦੋਸ਼ੀ ਵੀ ਸੁਖਬੀਰ ਸਿੰਘ ਬਾਦਲ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੰਡੀਗੜ੍ਹ ਵਿਖੇ ਆਪਣੀ ਕੋਠੀ ’ਚ ਬੁਲਾ ਕੇ ਸੌਦਾ ਸਾਧ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਵਿਚ ਬਿਨਾਂ ਮੰਗਿਆ ਮੁਆਫੀ ਦਿੱਤੀ ਅਤੇ ਸੌਦਾ ਸਾਧ ਨਾਲ ਯਾਰੀ ਪੁਗਾਈ ਜਿਸ ਨੂੰ ਸਿੱਖ ਸੰਗਤ ਕਦੇ ਵੀ ਭੁਲਾ ਨਹੀਂ ਸਕਦੀ ਸੋ ਇਸ ਲਈ ਅਸੀਂ ਪੰਥ ਦੋਖੀਆਂ ਨੂੰ ਨਾਭਾ ਵਿਖੇ ਕਦੇ ਵੀ ਰੈਲੀ ਨਹੀਂ ਕਰਨ ਦਵਾਂਗੇ ਜਿਸ ਦਾ ਕਾਲੀਆਂ ਝੰਡੀਆਂ ਵਿਖਾ ਕੇ ਡੱਟ ਕੇ ਵਿਰੋਧ ਕਰਾਂਗੇ। ਇਸ ਮੌਕੇ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੂਰ, ਰਘਵੀਰ ਸਿੰਘ, ਕਾਮਰੇਡ ਜਗਮੀਤ ਸਿੰਘ, ਗੁਰਜੀਤ ਸਿੰਘ ਬਿਨਾਂਹੇੜੀ, ਪਰਮਜੀਤ ਸਿੰਘ ਬਾਗੜੀਆਂ, ਰਣਜੀਤ ਸਿੰਘ ਸਹੌਲੀ, ਨਿਸ਼ਾਨ ਸਿੰਘ ਸਹੌਲੀ, ਰਘਵੀਰ ਸਿੰਘ ਨੌਹਰਾ, ਪੂਰਨ ਸਿੰਘ ਅਲਹੌਰਾਂ ਆਦਿ ਹਾਜ਼ਰ ਸਨ।