ਭ੍ਰਿਸ਼ਟ ਕੰਮਾਂ ਲਈ ਮੁੱਖ ਮੰਤਰੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ : ਸੁਖਬੀਰ ਬਾਦਲ
ਭ੍ਰਿਸ਼ਟ ਕੰਮਾਂ ਲਈ ਮੁੱਖ ਮੰਤਰੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ: ਸੁਖਬੀਰ ਸਿੰਘ ਬਾਦਲ
Publish Date: Sun, 05 Apr 2026 06:17 PM (IST)
Updated Date: Sun, 05 Apr 2026 06:19 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ,• ਪਟਿਆਲਾ : ਐਤਵਾਰ ਨੂੰ ਇਥੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਓਐਸਡੀਜ਼ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ ਤੇ ਇਨ੍ਹਾਂ ਦੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਲਈ ਜਵਾਬਦੇਹ ਬਣਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਲੋਕ ਸਮਝਦੇ ਹਨ ਕਿ ਇਹ ਬਾਹਰਲੇ ਮੁਲਕਾਂ ਵਿਚ ਭੱਜ ਜਾਣਗੇ, ਜਿਥੇ ਇਨ੍ਹਾਂ ਗੈਰ ਕਾਨੂੰਨੀ ਪੈਸਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਤੇ ਜੇਕਰ ਇਹ ਭੱਜ ਵੀ ਗਏ ਤਾਂ ਇਹਨਾਂ ਨੂੰ ਵਾਪਸ ਲਿਆ ਕੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਜਿੰਨੀਆਂ ਮਰਜ਼ੀ ਕਿੱਕਲੀਆਂ ਪਾ ਲੈਣ ਪਰ ਇਸ ਨਾਲ ਉਹ ਪੰਜਾਬੀਆਂ ਦੇ ਗੁੱਸੇ ਤੋਂ ਨਹੀਂ ਬਚ ਸਕਣਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਆਪਣੀ 500 ਬੰਦਿਆਂ ਦੀ ਪੁਲਿਸ ਸੁਰੱਖਿਆ ਤੋਂ ਬਗੈਰ ਇਕ ਵੀ ਪਿੰਡ ਵਿਚ ਜਾ ਕੇ ਵਿਖਾਉਣ। ਉਨ੍ਹਾਂ ਕਿਹਾ ਕਿ ਇਕ ਵਾਰ ਬਗੈਰ ਸੁਰੱਖਿਆ ਦੇ ਕਿਸੇ ਵੀ ਪਿੰਡ ਵਿਚ ਗਏ ਤਾਂ ਪੰਜਾਬੀ ਉਨ੍ਹਾਂ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਸਸਤੀਆਂ ਕਿੱਕਲੀਆਂ ਭੁਲਾ ਦੇਣਗੇ। ਆਪ ਵੱਲੋਂ ਦਰਜ ਕੀਤੇ ਕੇਸਾਂ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਕ ਮੌਜੂਦਾ ਜੱਜ ਦੀ ਅਗਵਾਈ ਹੇਠ ਕਮੇਟੀ ਬਣਾਵਾਂਗੇ ਜੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਨ੍ਹਾਂ ਸਾਰੇ ਝੂਠੇ ਕੇਸਾਂ ਦੀ ਜਾਂਚ ਕਰੇਗੀ ਤੇ ਝੂਠੇ ਕੇਸ ਖਾਰਜ ਕੀਤੇ ਜਾਣਗੇ ਅਤੇ ਇਹ ਕੇਸ ਦਰਜ ਕਰਵਾਉਣ ਵਾਲੇ ਸਿਆਸੀ ਆਗੂਆਂ ਤੇ ਦਰਜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਾਰ-ਵਾਰ ਪੰਜਾਬੀਆਂ ਨੂੰ ਧੋਖਾ ਦਿੱਤਾ ਤੇ 25 ਸਾਲ ਤੱਕ ਸੱਤਾ ਵਿਚ ਰਹਿਣ ਦੇ ਬਾਵਜੂਦ ਉਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਵੀ ਨਹੀਂ ਹੈ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਨਵਾਂ ਨਿਵੇਸ਼ ਲਿਆਵੇਗੀ, ਜਿਸ ਵਿਚ ਸਾਰੀਆਂ ਲੱਗਣ ਵਾਲੀਆਂ ਨਵੀਂਆਂ ਇਕਾਈਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਉਹਨਾਂ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਫਾਰਮ ਸਥਾਪਿਤ ਕਰਨ ਲਈ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ ਅਤੇ ਇਸਦੇ ਸੈਂਟਰ ਹਰ ਜ਼ਿਲ੍ਹੇ ਵਿਚ ਹੋਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਟਾ ਦਾਲ ਸਕੀਮ ਦਾ ਵਿਸਥਾਰ ਕਰੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਇਸ ਮੌਕੇ ਐਨ ਕੇ ਸ਼ਰਮਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ,ਸਰਬਜੀਤ ਸਿੰਘ ਝਿੰਜਰ, ਜਗਮੀਤ ਸਿੰਘ ਹਰਿਆਊ, ਕਬੀਰ ਦਾਸ, ਮੱਖਣ ਸਿੰਘ ਲਾਲਕਾ, ਰਾਜਿੰਦਰ ਸਿੰਘ ਵਿਰਕ, ਅਮਿਤ ਸਿੰਘ ਰਾਠੀ ਤੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਸੰਬੋਧਨ ਕੀਤਾ। - ਪੰਜਾਬ ਨੂੰ ਦਿੱਲੀ ਦੇ ’ਲੁਟੇਰਿਆਂ’ ਤੋਂ ਬਚਾਈਏ : ਬਾਦਲ ਨਾਰਾਜ਼ ਅਕਾਲੀਆਂ ਦੇ ਪਾਰਟੀ ਵਿਚ ਵਾਪਸ ਆਉਣ ਬਾਰੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਸੀ ਮਤਭੇਦ ਭੁਲਾ ਕੇ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਇਕੱਠੇ ਰਲ ਕੇ ਅਸੀਂ ਪੰਜਾਬ ਨੂੰ ਦਿੱਲੀ ਦੇ ’ਲੁਟੇਰਿਆਂ’ ਤੋਂ ਬਚਾਈਏ ਤੇ ਪੰਜਾਬ ਦਾ ਮਾਣ ਤੇ ਖੁਸ਼ਹਾਲੀ ਮੁੜ ਬਹਾਲ ਕਰੀਏ।