- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਦਾ ਸਫਲ ਮੰਚਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਰੰਗਸ਼ਾਲਾ ਥੀਏਟਰ ਗਰੁੱਪ ਅਤੇ ਸੰਗਰੂਰ ਕਲਾ ਕੇਂਦਰ ਵੱਲੋਂ ਰਾਮ ਵਾਟਿਕਾ ਬੱਘੀਖਾਨਾ ਦੇ ਮੰਚ ’ਤੇ ਕਰਵਾਏ ਜਾਣ ਵਾਲੇ ਪਰਮਜੀਤ ਗਾਗਾ ਮੈਮੋਰੀਅਲ ਤਿੰਨ ਰੋਜ਼ਾ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਪ੍ਰਸਿੱਧ ਵਿਅੰਗ ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਦਾ ਸਫਲ ਮੰਚਨ ਕੀਤਾ ਗਿਆ। ਇਹ ਨਾਟਕ ਮਹਾਨ ਸਾਹਿਤਕਾਰ ਭਾਰਤੇਂਦੁ ਹਰੀਸ਼ ਚੰਦਰ ਵੱਲੋਂ ਲਿਖਿਆ ਗਿਆ ਹੈ, ਜੋ ਸਮਾਜ ਅਤੇ ਸ਼ਾਸਨ ਪ੍ਰਣਾਲੀ ’ਤੇ ਤਿੱਖਾ ਵਿਅੰਗ ਪੇਸ਼ ਕਰਦਾ ਹੈ। ਨਾਟਕ ਦਾ ਨਿਰਦੇਸ਼ਨ ਰੰਗਸ਼ਾਲਾ ਦੇ ਨਿਰਦੇਸ਼ਕ ਯਸ਼ ਵੱਲੋਂ ਕੀਤਾ ਗਿਆ। ਨਾਟਕ ਦੀ ਕਹਾਣੀ ਇੱਕ ਅਜਿਹੇ ਰਾਜ ਦੇ ਆਸ-ਪਾਸ ਘੁੰਮਦੀ ਹੈ, ਜਿੱਥੇ ਸਾਰੀਆਂ ਵਸਤਾਂ ਇੱਕੋ ਹੀ ਕੀਮਤ ’ਤੇ ਵਿਕਦੀਆਂ ਹਨ ‘ਟੱਕੇ ਸੇਰ ਭਾਜੀ, ਟੱਕੇ ਸੇਰ ਖਾਜਾ’। ਇਹ ਪ੍ਰਣਾਲੀ ਬਾਹਰੋਂ ਆਕਰਸ਼ਕ ਲੱਗਦੀ ਹੈ, ਪਰ ਅਸਲ ਵਿੱਚ ਇਹ ਅਵਿਵਸਥਾ ਅਤੇ ਅਰਾਜਕਤਾ ਦਾ ਪ੍ਰਤੀਕ ਹੈ। ਨਾਟਕ ਵਿੱਚ ਇੱਕ ਗੁਰੂ ਆਪਣੇ ਚੇਲੇ ਨੂੰ ਇਸ ਨਗਰੀ ਦੀ ਹਕੀਕਤ ਸਮਝਾਉਂਦਾ ਹੋਇਆ, ਉਸ ਨੂੰ ਉਥੋਂ ਜਾਣ ਦੀ ਸਲਾਹ ਦਿੰਦਾ ਹੈ, ਪਰ ਚੇਲਾ ਲਾਲਚ ਵਿੱਚ ਆ ਕੇ ਉੱਥੇ ਹੀ ਰਹਿ ਜਾਂਦਾ ਹੈ।
ਰਾਜਾ ਦੇ ਦਰਬਾਰ ਵਿੱਚ ਇੱਕ ਫਰਿਆਦੀ ਆਉਂਦਾ ਹੈ, ਜਿਸ ਦੀ ਬੱਕਰੀ ਮਰ ਗਈ ਹੈ ਅਤੇ ਉਹ ਆਪਣੇ ਨੁਕਸਾਨ ਦੀ ਭਰਪਾਈ ਲਈ ਇਨਸਾਫ ਦੀ ਮੰਗ ਕਰਦਾ ਹੈ। ਇਸ ਘਟਨਾ ਰਾਹੀਂ ਉਸ ਰਾਜ ਦੀ ਨਿਆਂ ਪ੍ਰਣਾਲੀ ਦੀ ਮੂਰਖਤਾ ਸਾਹਮਣੇ ਆਉਂਦੀ ਹੈ, ਜਿੱਥੇ ਬਿਨਾਂ ਤਰਕ ਅਤੇ ਸੋਚ-ਵਿਚਾਰ ਦੇ ਫੈਸਲੇ ਕੀਤੇ ਜਾਂਦੇ ਹਨ।
ਇਸ ਘਟਨਾ ਕਾਰਨ ਰਾਜਾ ਹੁਕਮ ਦਿੰਦਾ ਹੈ ਕਿ ਰਾਜ ਦਾ ਨਿਰਧਾਰਿਤ ਫੰਦਾ ਜਿਸਦੇ ਗਲੇ ਵਿੱਚ ਵੀ ਠੀਕ ਆਵੇ, ਉਸਨੂੰ ਫੜ ਕੇ ਲਿਆਂਦਾ ਜਾਵੇ। ਦੋਸ਼ੀ ਦੀ ਖੋਜ ਵਿੱਚ ਕੋਤਵਾਲ ਚੇਲੇ ਨੂੰ ਫੜ ਲੈਂਦਾ ਹੈ ਅਤੇ ਚੇਲੇ ਨੂੰ ਫਾਂਸੀ ਚੜ੍ਹਾਉਣ ਦੀ ਨੌਬਤ ਆ ਜਾਂਦੀ ਹੈ। ਅੰਤ ਵਿੱਚ ਸਥਿਤੀ ਇੰਨੀ ਵਿਅੰਗਪੂਰਨ ਅਤੇ ਹਾਸਿਆਸਪਦ ਹੋ ਜਾਂਦੀ ਹੈ ਕਿ ਖੁਦ ਚੌਪਟ ਰਾਜਾ ਆਪਣੇ ਗਲਤ ਫੈਸਲਿਆਂ ਦਾ ਸ਼ਿਕਾਰ ਬਣਨ ਹੀ ਲੱਗਦਾ ਹੈ, ਓਦੋਂ ਹੀ ਉੱਥੇ ਗੁਰੂ ਆ ਜਾਂਦਾ ਹੈ, ਜੋ ਰਾਜੇ ਨੂੰ ਸਮਝਾਉਂਦਾ ਹੈ ਕਿ ਲੋਕਾਂ ਦੀ ਭਲਾਈ ਕਰਨੀ ਅਤੇ ਚੰਗੇ ਕੰਮ ਕਰਨਾ ਹੀ ਇੱਕ ਰਾਜੇ ਦਾ ਅਸਲ ਕਰਤਵ ਹੈ। ਉਹ ਰਾਜੇ ਨੂੰ ਲੋਕਾਂ ਨਾਲ ਸਹੀ ਇਨਸਾਫ ਕਰਨ ਦਾ ਰਾਹ ਦਿਖਾਉਂਦਾ ਹੈ। ਅੰਤ ਵਿੱਚ ਨਾਟਕ ਦਾ ਅੰਤ ਵਿਅੰਗਪੂਰਨ, ਹਾਸਿਆਪੂਰਨ ਪਰ ਸੁਖਦ ਹੁੰਦਾ ਹੈ।
ਇਸ ਨਾਟਕ ਦੇ ਮੁੱਖ ਕਲਾਕਾਰ ਯਸ਼, ਹਿੰਦ ਕੁਮਾਰ, ਰਿਸ਼ੀ ਸ਼ਰਮਾ, ਮਨਜੀਤ ਗਰਗ, ਆਰਯਨ ਵਲਜੋਤ, ਆਸ਼ੀਸ਼ ਕੁਮਾਰ, ਨਿਤਿਨ ਕੁਮਾਰ, ਅਲੀ ਅਕਬਰ, ਸਨੀ ਕੁਮਾਰ, ਅਨੀਸ਼ ਭਾਰਦਵਾਜ, ਅਧੀਸ਼ ਭਾਰਦਵਾਜ, ਪਰਮਜੀਤ ਕੌਰ ਅਤੇ ਮੋਹਰੂਪ ਸਿੰਘ ਸਨ। ਇਸ ਤੋਂ ਇਲਾਵਾ ਬਾਲ ਕਲਾਕਾਰਾਂ ਵਿੱਚ ਆਯੁਸ਼ ਬਾਂਸਲ, ਕਾਰਵਿਕਾ, ਕਸ਼ਿਕ ਜਿੰਦਲ, ਵਿਹਾਨ ਗਰਗ, ਮੋਲਿਸ਼ਾ ਗਰਗ, ਅੰਸ਼ਿਕਾ ਕਾਂਸਲ, ਆਰਵ ਮਿੱਤਲ, ਮਾਨਸਵੀ, ਗੁਰਬਾਨੀ ਸਿੰਘ ਟਿਵਾਣਾ, ਰਾਧੇਸ਼ ਜੁਨੇਜਾ, ਅਪੂਰਵਾ, ਪਾਨਿਆ, ਆਰਯਨ ਅਤਰੀ, ਅਵੀਰਾਨ, ਅਭਿਰਾਜ ਪਾਠਕ, ਹੇਮਨਿਆ ਅਤੇ ਇਕਨੂਰ ਕੌਰ ਸ਼ਾਮਲ ਸਨ। ਕਲਾਕਾਰਾਂ ਦਾ ਮੇਕਅਪ ਜਸਵਿੰਦਰ ਗਿੱਲ ਵੱਲੋਂ ਕੀਤਾ ਗਿਆ।