ਵਿਦਿਆਰਥੀਆਂ ਨੇ ਸਰਸ ਮੇਲਾ ਮਾਨਸਾ ਦਾ ਕੀਤਾ ਦੌਰਾ
ਵਿਦਿਆਰਥੀਆਂ ਨੇ ਸਰਸ ਮੇਲਾ ਮਾਨਸਾ ਦਾ ਕੀਤਾ ਦੌਰਾ
Publish Date: Sat, 21 Mar 2026 05:48 PM (IST)
Updated Date: Sun, 22 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੀਮਾ ਮੰਡੀ : ਮਾਡਰਨ ਗਰੁੱਪ ਆਫ ਕਾਲਜਿਜ਼ ਬੀਰ ਕਲਾਂ ਦੀ ਤਰਫੋਂ ਵਿਦਿਆਰਥੀਆਂ ਨੇ ਸਰਸ ਮੇਲਾ ਮਾਨਸਾ ਦਾ ਸਿੱਖਿਅਕ ਦੌਰਾ ਕੀਤਾ। ਇਸ ਦੌਰੇ ਵਿਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਤੇ ਮੇਲੇ ਵਿਚ ਲੱਗੀਆਂ ਪ੍ਰਦਰਸ਼ਨੀਆਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ। ਸਰਸ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਆਏ ਕਲਾਕਾਰਾਂ ਤੇ ਹਸਤਸ਼ਿਲਪੀ ਲੋਕਾਂ ਨੇ ਆਪਣੇ ਹੱਥਾਂ ਨਾਲ ਬਣਾਏ ਹੋਏ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ। ਵਿਦਿਆਰਥੀਆਂ ਨੇ ਇਨ੍ਹਾਂ ਸਟਾਲਾਂ ’ਤੇ ਜਾ ਕੇ ਭਾਰਤੀ ਸੱਭਿਆਚਾਰ, ਰਿਵਾਜਾਂ ਤੇ ਕਲਾ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਮੇਲੇ ਵਿਚ ਲੱਗੇ ਖਾਣ-ਪੀਣ ਦੇ ਸਟਾਲਾਂ ਤੇ ਮਨੋਰੰਜਨ ਦੇ ਵੱਖ-ਵੱਖ ਪ੍ਰੋਗਰਾਮਾਂ ਨੇ ਵੀ ਸਭ ਦਾ ਧਿਆਨ ਖਿੱਚਿਆ। ਵਿਦਿਆਰਥੀਆਂ ਨੇ ਲੋਕ ਨਾਚ, ਗਿੱਧਾ, ਭੰਗੜਾ ਤੇ ਗੀਤ-ਸੰਗੀਤ ਦੇ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਲਿਆ। ਮੇਲੇ ਦਾ ਮਾਹੌਲ ਬਹੁਤ ਹੀ ਰੰਗੀਨ ਤੇ ਰੌਣਕਾਂ ਭਰਿਆ ਸੀ, ਜਿਸ ਨੇ ਵਿਦਿਆਰਥੀਆਂ ਨੂੰ ਇਕ ਨਵਾਂ ਅਨੁਭਵ ਦਿੱਤਾ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਖਿਅਕ ਦੌਰੇ ਵਿਦਿਆਰਥੀਆਂ ਦੇ ਵਿਅਕਤੀਗਤ ਤੇ ਸੱਭਿਆਚਾਰਕ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਪ੍ਰਯੋਗਿਕ ਤੇ ਸਮਾਜਿਕ ਜਾਣਕਾਰੀ ਵੀ ਮਿਲਦੀ ਹੈ। ਦੌਰੇ ਦੌਰਾਨ ਕਾਲਜ ਦੇ ਪ੍ਰੋਫੇਸਰ ਅਮਨਜੀਤ ਗਰੇਵਾਲ, ਰਮਨਦੀਪ ਕੌਰ, ਰਾਜਿੰਦਰ ਕੌਰ, ਗੁਰਵਿੰਦਰ ਕੌਰ, ਜਗਤਾਰ ਸਿੰਘ ਆਦਿ ਵਿਦਿਆਰਥੀਆਂ ਦੇ ਨਾਲ ਮੌਜੂਦ ਸਨ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਬਹੁਤ ਹੀ ਸਿਖਲਾਈ ਭਰਪੂਰ ਤੇ ਯਾਦਗਾਰ ਤਜ਼ਰਬਾ ਦੱਸਿਆ ਤੇ ਕਾਲਜ ਦਾ ਧੰਨਵਾਦ ਕੀਤਾ।