ਵਿਦਿਆਰਥੀਆਂ ਨੇ ਬਾਇਓਗੈਸ ਪਲਾਂਟ ਦਾ ਕੀਤਾ ਦੌਰਾ
ਵਿਦਿਆਰਥੀਆਂ ਨੇ ਬਾਇਓਗੈਸ ਪਲਾਂਟ ਦਾ ਕੀਤਾ ਦੌਰਾ
Publish Date: Thu, 29 Jan 2026 05:42 PM (IST)
Updated Date: Fri, 30 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਚਲਾਏ ਜਾ ਰਹੇ ਵਾਤਾਵਰਣ ਐਜੂਕੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਤਰਵਿੰਦਰ ਕੌਰ ਅਤੇ ਡਿਪਟੀ ਡੀਈਓ ਮਨਜੀਤ ਕੌਰ ਦੀ ਦੇਖ ਰੇਖ ਹੇਠ ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਵਿਦਿਆਰਥੀਆਂ ਨੇ ਨੇੜਲੇ ਪਿੰਡ ਭੁਟਾਲ ਕਲਾਂ ਵਿਖੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਵਰਬੀਓ ਬਾਇਓਗੈਸ ਪਲਾਂਟ ਦਾ ਸਿੱਖਿਆਤਮਕ ਦੌਰਾ ਕੀਤਾ। ਜਿੱਥੇ ਕਿਸਾਨਾਂ ਦੀ ਪਰਾਲੀ ਨੂੰ ਫਰਮੈਂਟ ਕਰਕੇ ਬਾਇਓਗੈਸ ਤਿਆਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਉੱਚ ਗੁਣਵੱਤਾ ਵਾਲੀ ਜੈਵਿਕ ਖਾਦ ਵੀ ਉਤਪੰਨ ਹੁੰਦੀ ਹੈ। ਇਸ ਦੌਰੇ ਵਿੱਚ ਸਕੂਲ ਦੀ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਵਰਬੀਓ ਪਲਾਂਟ ਵਿਖੇ ਵਿਦਿਆਰਥੀਆਂ ਨੂੰ ਯੂਨਿਟ ਹੈੱਡ ਪੰਕਜ ਜੈਨ ਅਤੇ ਬਾਇਓ ਇੰਜੀਨੀਅਰਿੰਗ ਵਿੰਗ ਨਾਲ ਸੰਬੰਧਤ ਅਤੁਲ ਕੁਮਾਰ ਵੱਲੋਂ ਪਲਾਂਟ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਾਇੰਸ ਅਧਿਆਪਕ ਮਨਜੀਤ ਸਿੰਘ ਨੇ ਇਸ ਮੌਕੇ ਕਿਹਾ, ਕਿ ਅਜਿਹੇ ਸਿੱਖਿਆਤਮਕ ਦੌਰੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਉੱਪਰ ਉੱਠ ਕੇ ਹਕੀਕਤੀ ਜੀਵਨ ਨਾਲ ਜੋੜਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਇਓਗੈਸ ਵਰਗੀਆਂ ਨਵੀਨੀਕਰਣਯੋਗ ਊਰਜਾ ਸਰੋਤਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ। ਇਸ ਮੌਕੇ ਹੈੱਡ ਮਾਸਟਰ ਅਰੁਣ ਗਰਗ, ਖੰਡੇਬਾਦ ਈਕੋ ਕਲੱਬ ਇੰਚਾਰਜ ਗੁਰਪ੍ਰੀਤ ਕੌਰ, ਮਾਸਟਰ ਮਨਦੀਪ ਕੁਮਾਰ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।