ਡਰ ਤੇ ਤਣਾਅ ਤੋਂ ਦੂਰ ਰਹਿ ਕੇ ਵਿਦਿਆਰਥੀ ਕਰਨ ਪ੍ਰੀਖਿਆ ਦੀ ਤਿਆਰੀ
ਡਰ ਅਤੇ ਤਣਾਅ ਤੋਂ ਦੂਰ ਰਹਿ ਕੇ ਵਿਦਿਆਰਥੀ ਕਰਨ ਪ੍ਰੀਖਿਆ ਦੀ ਤਿਆਰੀ
Publish Date: Tue, 17 Feb 2026 04:55 PM (IST)
Updated Date: Wed, 18 Feb 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਬੋਰਡ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਅਕਾਦਮਿਕ ਜੀਵਨ ਵਿੱਚ ਖਾਸ ਮਹੱਤਤਾ ਰੱਖਦੀਆਂ ਹਨ। ਇਹ ਪ੍ਰੀਖਿਆਵਾਂ ਨਾ ਸਿਰਫ ਉਹਨਾਂ ਦੀ ਸਾਲਾਂਬੱਧੀ ਮਿਹਨਤ ਦੀ ਪਰਖ ਕਰਦੀਆਂ ਹਨ ਸਗੋਂ ਉੱਚ ਅਧਿਐਨ ਅਤੇ ਭਵਿੱਖੀ ਜੀਵਨ ਦਿਸ਼ਾ ਲਈ ਰਾਹ ਵੀ ਤਿਆਰ ਕਰਦੀਆਂ ਹਨ। ਪ੍ਰੀਖਿਆ ਸਮੇਂ ਨੇੜੇ ਆਉਂਦਿਆਂ ਹੀ ਵਿਦਿਆਰਥੀਆਂ ਵਿੱਚ ਤਣਾਅ ਦਬਾਅ ਅਤੇ ਚਿੰਤਾ ਵਧਣਾ ਆਮ ਜਿਹੀ ਗੱਲ ਹੈ ਪਰ ਵਿਦਵਾਨਾ ਅਤੇ ਅਧਿਆਪਕਾਂ ਦਾ ਮੰਨਣਾ ਹੈ ਕਿ ਸਹੀ ਯੋਜਨਾ ਅਤੇ ਨਿਯਮ ਅਭਿਆਸ ਨਾਲ ਇਸ ਦਬਾਅ ਨੂੰ ਘਟਾਇਆ ਜਾ ਸਕਦਾ ਹੈ। ਮਾਹਿਰਾ ਅਨੁਸਾਰ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਲਈ ਸੁਚੱਜਾ ਟਾਈਮ ਟੇਬਲ ਤਿਆਰ ਕਰਨਾ ਚਾਹੀਦਾ ਹੈ। ਪੜ੍ਹਾਈ ਦੇ ਦਬਾਅ ’ਚ ਸਿਹਤ ਦਾ ਰੱਖੋ ਧਿਆਨ : ਕੁਲਵਿੰਦਰ ਸਿੰਘ ਵਿਦਵਾਨਾਂ ਦਾ ਕਹਿਣਾ ਹੈ ਕਿ ਰੋਜਾਨਾ ਦੋਹਰਾਈ ਬਿਨਾਂ ਪੜ੍ਹਾਈ ਅਧੂਰੀ ਰਹਿ ਜਾਂਦੀ ਹੈ। ਜੋ ਵਿਸ਼ਾ ਇੱਕ ਵਾਰ ਪੜ੍ਹਿਆ ਗਿਆ ਹੋਵੇ ਉਸਨੂੰ ਮੁੜ ਮੁੜ ਦੁਹਰਾਉਣਾ ਨਾਲ ਯਾਦ ਪੱਕੀ ਹੋ ਜਾਂਦੀ ਹੈ। ਇਸ ਤਰੀਕੇ ਨਾਲ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀ ਨੂੰ ਘਬਰਾਹਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਾਫ ਅਤੇ ਸਹੀ ਲਿਖਤ, ਸਹੀ ਸ਼ਬਦਾਵਲੀ ਅਤੇ ਪ੍ਰਸ਼ਨ ਅਨੁਸਾਰ ਜਵਾਬ ਦੇਣਾ ਵਧੀਆ ਅੰਕ ਲੈਣ ਵਿੱਚ ਮਦਦਗਾਰ ਹੁੰਦਾ ਹੈ। ਪੜ੍ਹਾਈ ਦੇ ਦਬਾਅ ਵਿਚਕਾਰ ਸਿਹਤ ਦਾ ਧਿਆਨ ਰੱਖਣਾ ਵੀ ਉਹਨਾਂ ਹੀ ਅਹਿਮ ਮੰਨਿਆ ਜਾਂਦਾ ਹੈ। ਮਾਹਿਰਾ ਅਨੁਸਾਰ ਪੂਰੀ ਨੀਂਦ ਸੰਤੁਲਤ ਭੋਜਨ ਅਤੇ ਹਲਕੀ ਕਸਰਤ ਨਾਲ ਸਰੀਰ ਅਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ। ਵਿਦਿਆਰਥੀਆਂ ਦਾ ਭਵਿੱਖ ਤੈਅ ਕਰਦੇ ਹਨ ਨਤੀਜੇ : ਮਨਦੀਪ ਸਿੰਘ ਟਿੱਬਾ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਵਿਦਿਆਰਥੀਆਂ ਦਾ ਭਵਿੱਖ ਤੈਅ ਕਰਦੇ ਹਨ। ਅਗਲੇਰੀ ਸਿੱਖਿਆ ਜਾਂ ਕਿੱਤਾ ਮੁਖੀ ਕੋਰਸਾਂ ਦੀ ਚੋਣ ਦਾ ਆਧਾਰ ਵੀ ਇਹਨਾਂ ਦੇ ਨਤੀਜਿਆਂ ਤੇ ਨਿਰਭਰ ਕਰਦਾ ਹੈ। ਭਾਰੀ ਭਰਕਮ ਸਿਲੇਬਸ, ਮਾਤਾ ਪਿਤਾ ਦੀਆਂ ਉੱਚ ਅਕਾਂਕਸਾਵਾਂ, ਵੱਧ ਅੰਕਾਂ ਦੀ ਦੌੜ ਭਵਿੱਖ ਦੀ ਚਿੰਤਾ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਦੇ ਹਨ। ਇਸ ਸਮੇਂ ਅਧਿਆਪਕਾਂ ਦੀ ਯੋਗ ਅਗਵਾਈ ਮਾਤਾ ਪਿਤਾ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਵਿਦਿਆਰਥੀਆਂ ਦੀ ਮੰਜ਼ਿਲ ਦੀ ਪ੍ਰਾਪਤੀ ਵਿੱਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ.। ਚੰਗੇ ਨੰਬਰ ਪ੍ਰਾਪਤ ਕਰਨਾ ਬਣੀ ਜ਼ਰੂਰਤ : ਲੈਕਚਰਾਰ ਕੁਲਵਿੰਦਰ ਸਿੰਘ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨਾ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਜਰੂਰਤ ਬਣ ਚੁੱਕਿਆ ਹੈ। ਪ੍ਰੀਖਿਆ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਬੋਝ ਬਣਦੀ ਹੈ ਜਿਹੜੇ ਵਿਦਿਆਰਥੀ ਸਿਰਫ ਪ੍ਰੀਖਿਆ ਦੇ ਨਜਦੀਕ ਆਉਣ ਤੇ ਹੀ ਪੜ੍ਹਾਈ ਸ਼ੁਰੂ ਕਰਦੇ ਹਨ। ਪੜ੍ਹਾਈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਜਿਹੜੇ ਵਿਦਿਆਰਥੀ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਸਿਲੇਬਸ ਦੀ ਵੰਡ ਸੁਚੱਜੇ ਢੰਗ ਨਾਲ ਕਰਕੇ ਨਿਯਮਤ ਰੂਪ ਵਿੱਚ ਹਰ ਵਿਸ਼ੇ ਦੀ ਤਿਆਰੀ ਕਰਦੇ ਹਨ ਉਹਨਾਂ ਨੂੰ ਪ੍ਰੀਖਿਆ ਦੇ ਦਿਨਾਂ ਵਿੱਚ ਬਹੁਤ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਭ ਤੋਂ ਮਹੱਤਵਪੂਰਨ ਨੁਕਤਾ ਹੈ ਕਿ ਵਿਦਿਆਰਥੀ ਪੜ੍ਹਾਈ ਦੀ ਤਿਆਰੀ ਲਈ ਠੋਸ ਯੋਜਨਾ ਵੱਧ ਕਰੇ ਅਤੇ ਸਵੈ ਅਨੁਸਾਸਨ ਵਿੱਚ ਰਹਿਣ ਦੀ ਆਦਤ ਬਣਾਵੇ। ਸਖ਼ਤ ਮਿਹਨਤ ਕਰਨ ਨਾਲ ਇਹ ਮੰਜ਼ਿਲ ਪ੍ਰਾਪਤ ਹੁੰਦੀ ਹੈ : ਪ੍ਰਿੰ. ਕੁਲਵਿੰਦਰ ਕੌਰ ਸਿੱਖਿਆ ਸਬੰਧੀ ਇੱਕ ਕਹਾਵਤ ਹੈ ਕਿ ਸਿੱਖਿਆ ਲਈ ਚੰਗਾ ਵਾਤਾਵਰਨ ਬਣਾਓ, ਬਾਕੀ ਕੰਮ ਵਾਤਾਵਰਨ ਖੁਦ ਹੀ ਕਰ ਦੇਵੇਗਾ ਇਸ ਲਈ ਪੜ੍ਹਾਈ ਹਮੇਸ਼ਾ ਸ਼ਾਂਤ ਸਥਿਰ ਅਤੇ ਸੁਚੱਜੇ ਮਾਹੌਲ ਵਿਚ ਕਰਨੀ ਚਾਹੀਦੀ ਹੈ। ਵਿਦਿਆਰਥੀ ਜੀਵਨ ਵਿੱਚ ਪ੍ਰੀਖਿਆ ਦਾ ਮਹੱਤਵਪੂਰਨ ਸਥਾਨ ਹੈ ਹਰ ਵਿਦਿਆਰਥੀ ਪ੍ਰੀਖਿਆ ਅਤੇ ਪ੍ਰੀਖਿਆ ਦੇ ਨਤੀਜੇ ਸਮੇਂ ਡਰ ਜਰੂਰ ਮਹਿਸੂਸ ਕਰਦਾ ਹੈ। ਅਧਿਆਪਕ ਵਰਗ ਇਸ ਮੌਕੇ ਬਹੁਤ ਵੱਡਾ ਮਦਦਗਾਰ ਸਾਬਤ ਹੋ ਸਕਦਾ ਹੈ ਵਿਦਿਆਰਥੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੀਖਿਆ ਸੰਪੂਰਨ ਸਿੱਖਿਆ ਨਹੀਂ ਬਲਕਿ ਸਿੱਖਿਆ ਦਾ ਇਕ ਛੋਟਾ ਜਿਹਾ ਅੰਗ ਹੈ।