ਆਸਰਾ ਕਾਲਜ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ
ਆਸਰਾ ਕਾਲਜ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ
Publish Date: Fri, 27 Mar 2026 03:54 PM (IST)
Updated Date: Sat, 28 Mar 2026 04:00 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਆਸਰਾ ਕਾਲਜ ਜੋ ਕਿ ਤਕਨੀਕੀ ਅਤੇ ਆਧੁਨਿਕ ਸਿੱਖਿਆ ਦਾ ਕੇਂਦਰ ਬਣ ਚੁੱਕਿਆ ਹੈ ਵਿਖੇ ਆਸਰਾ ਕਾਲਜ ਆਫ ਐਜੂਕੇਸ਼ਨ, ਚੰਨੋ ਦੇ ਐੱਨਐੱਸਐੱਸ, ਰੈੱਡ ਰੀਬਨ ਕਲੱਬ ਅਤੇ ਉੱਨਤ ਭਾਰਤ ਅਭਿਆਨ ਦੇ ਵਲੰਟੀਅਰਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨੇੜਲੇ ਪਿੰਡ ਮਸਾਣੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰਕੇ ਗੋਇਲ ਵੱਲੋਂ ਨੌਜਵਾਨ ਵਲੰਟੀਅਰਾਂ ਨੂੰ ਸ਼ਹੀਦਾਂ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਨੌਜਵਾਨ ਕ੍ਰਾਂਤੀਕਾਰੀਆਂ ਦੀ ਲਾਸਾਨੀ ਕੁਰਬਾਨੀ ਸਦਕਾ ਅਸੀਂ ਆਜਾਦ ਭਾਰਤ ਦੀ ਫਿਜਾ ਦਾ ਨਿੱਘ ਮਾਣ ਰਹੇ ਹਾਂ। ਉਹਨਾਂ ਕਿਹਾ ਕਿ ਸਮਾਜ ਵਿੱਚ ਫੈਲੀਆਂ ਭੈੜੀਆਂ ਕੂਰੀਤੀਆਂ ਨਸ਼ੇ, ਦਾਜ ਪ੍ਰਥਾ, ਭਰੂਣ ਹੱਤਿਆ ਆਦਿ ਦਾ ਖਾਤਮਾ ਕਰਕੇ ਨਰੋਈਆਂ ਸਮਾਜਿਕ ਕਦਰਾਂ ਕੀਮਤਾਂ ਵਾਲਾ ਸਮਾਜ ਸਿਰਜਣ ਨਾਲ ਹੀ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣਗੇ। ਇਸ ਮੌਕੇ ਆਸਰਾ ਗਰੁੱਪ ਦੇ ਐਮਡੀ ਡਾ. ਕੇਸ਼ਵ ਗੋਇਲ ਨੇ ਦਿਨੋਂ ਦਿਨ ਪ੍ਰਦੂਸ਼ਿਤ ਹੁੰਦੇ ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਲਗਾਉਣ, ਖੇਤਾਂ ਵਿੱਚ ਝੋਨੇ ਦੀ ਪਰਾਲੀ, ਕਣਕ ਦੇ ਨਾੜ ਆਦਿ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਲਈ ਵਲੰਟੀਅਰਾਂ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ। ਆਸਰਾ ਗਰੁੱਪ ਦੇ ਨੌਜਵਾਨ ਕੈਂਪਸ ਡਇਰੈਕਟਰ ਅਰਪਿਤ ਗੋਇਲ ਨੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈ ਕੇ ਨਰੋਏ ਸਰੀਰ ਵਿੱਚ ਨਰੋਏ ਮਨ ਦਾ ਵਾਸਾ ਹੋਣ ਦੀ ਅਟੱਲ ਸਚਾਈ ਨੂੰ ਸਾਕਾਰ ਕਰਨ ਲਈ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਡਾ. ਰੀਤੂ ਚੋਪੜਾ ਵੱਲੋਂ ਸਾਰੇ ਵਲੰਟੀਅਰਾਂ ਨੂੰ ਨਸ਼ਿਆਂ ਦਾ ਜੜੋਂ ਖਾਤਮਾ ਕਰਕੇ ਆਤਮ ਨਿਰਭਰਤਾ ਨਾਲ ਸਵੱਛ ਸਮਾਜ ਦੀ ਸਿਰਜਣਾ ਦੀ ਸਹੁੰ ਚੁਕਾਈ। ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ. ਸ਼ਫੀ ਮੁਹੰਮਦ ਮੂੰਗੋ ਅਤੇ ਰੈੱਡ ਰੀਬਨ ਕਲੱਬ ਦੇ ਇੰਚਾਰਜ ਪ੍ਰੋ. ਵਿਕਾਸ ਠਾਕੁਰ ਵੱਲੋਂ ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ ਗਈ।