ਕਿਰਤੀ ਕਾਲਜ ਸਾਹਮਣੇ ਬੱਸਾਂ ਨਾ ਰੁਕਣ ਕਰਕੇ ਵਿਦਿਆਰਥੀ ਪਰੇਸ਼ਾਨ
ਕਿਰਤੀ ਕਾਲਜ਼ ਸਾਹਮਣੇ ਬੱਸਾਂ ਨਾ ਰੁਕਣ ਕਰਕੇ ਵਿਦਿਆਰਥੀ ਪਰੇਸ਼ਾਨ
Publish Date: Wed, 11 Mar 2026 04:42 PM (IST)
Updated Date: Wed, 11 Mar 2026 04:45 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਦੇ ਵਿਦਿਆਰਥੀਆਂ ਦੀਆਂ ਆਵਾਜਾਈ ਸਬੰਧੀ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਬਾਂਸਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਕਾਲਜ ਦੇ ਮੁੱਖ ਗੇਟ ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪੱਕੇ ਠਹਿਰਾਅ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸੈਂਕੜੇ ਵਿਦਿਆਰਥੀਆਂ ਨੂੰ ਹੋ ਰਹੀ ਰੋਜ਼ਾਨਾ ਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲ ਸਕੇ। ਮੰਗ ਪੱਤਰ ਹਾਸਲ ਕਰਨ ਉਪਰੰਤ ਐੱਸਡੀਐੱਮ ਪਾਤੜਾਂ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਸਲਾ ਗੰਭੀਰ ਹੈ ਅਤੇ ਜਲਦ ਹੀ ਸਬੰਧਿਤ ਵਿਭਾਗਾਂ ਨਾਲ ਰਾਬਤਾ ਕਾਇਮ ਕਰਕੇ ਬੱਸਾਂ ਦੇ ਠਹਿਰਾਅ ਦਾ ਹੱਲ ਕੱਢਿਆ ਜਾਵੇਗਾ। ਦੂਜੇ ਪਾਸੇ ਵਿਦਿਆਰਥੀ ਆਗੂਆਂ ਨੇ ਮਸਲੇ ਦਾ ਹੱਲ ਨਾ ਹੋਣ ਤੇ ਸੰਘਰਸ਼ ਨੂੰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਗੁਰਧਿਆਨ ਸਿੰਘ, ਕਾਲਜ ਕਮੇਟੀ ਮੈਂਬਰ ਸੁਮਨਦੀਪ ਕੌਰ ਅਤੇ ਪਰਨੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਇਸ ਜਾਇਜ਼ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਬੱਸਾਂ ਕਾਲਜ ਗੇਟ ਤੇ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਸੰਗਰੂਰ ਕੈਂਚੀਆਂ ਉੱਪਰ ਉਤਰਨਾ ਪੈਂਦਾ ਹੈ, ਜਿੱਥੋਂ ਕਾਲਜ ਤੱਕ ਦਾ ਲੰਮਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਹੈ। ਇਹੀ ਸਿਲਸਿਲਾ ਛੁੱਟੀ ਸਮੇਂ ਵੀ ਦੁਹਰਾਇਆ ਜਾਂਦਾ ਹੈ। ਬੱਸਾਂ ਦੀ ਘਾਟ ਅਤੇ ਸਹੀ ਸਟਾਪ ਨਾ ਹੋਣ ਕਾਰਨ ਵਿਦਿਆਰਥੀ ਅਕਸਰ ਆਪਣੀਆਂ ਕਲਾਸਾਂ ਦੇ ਸਮੇਂ ਸਿਰ ਕਾਲਜ ਨਹੀਂ ਪਹੁੰਚ ਪਾਉਂਦੇ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਪੜ੍ਹਾਈ ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ’ਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਉਂਦੇ ਹਨ। ਪਹਿਲਾਂ ਹੀ ਲੰਮਾ ਸਫ਼ਰ ਕਰਕੇ ਆਉਣ ਤੋਂ ਬਾਅਦ ਪੈਦਲ ਚੱਲਣਾ ਉਨ੍ਹਾਂ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਵਿਦਿਆਰਥੀ ਆਗੂ ਮਨਦੀਪ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ, ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸੜਕਾਂ ਤੇ ਉਤਰਨਾ ਪਿਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵਿਦਿਆਰਥੀ ਆਗੂ ਗਗਨ, ਅਮਨਦੀਪ ਕੌਰ, ਰਿਤਿਕਾ ਸ਼ਰਮਾ, ਪ੍ਰਿਅੰਕਾ, ਪ੍ਰੰਥਮ ਅਤੇ ਵੱਡੀ ਗਿਣਤੀ ’ਚ ਹੋਰ ਵਿਦਿਆਰਥੀ ਵੀ ਹਾਜ਼ਰ ਸਨ।