ਤੇਜ਼ ਹਵਾਵਾਂ ਤੇ ਬਾਰਿਸ਼ ਨੇ ਖੇਤਾਂ ’ਚ ਕਣਕ ਵਿਛਾਈ
ਤੇਜ਼ ਹਵਾਵਾਂ ਤੇ ਬਾਰਿਸ਼ ਨੇ ਖੇਤਾਂ ’ਚ ਕਣਕ ਵਿਛਾਈ
Publish Date: Sun, 15 Mar 2026 03:53 PM (IST)
Updated Date: Mon, 16 Mar 2026 04:01 AM (IST)

ਸਬਜ਼ੀਆਂ ਦੇ ਛੋਟੇ ਬੂਟੇ ਪ੍ਰਭਾਵਿਤ, ਲੋੜ ਮੁਤਾਬਕ ਸਿੰਚਾਈ ਕਰਨ ਦੀ ਸਲਾਹ ਜਸਵੀਰ ਸਿੰਘ, ਪੰਜਾਬੀ ਜਾਗਹਰਣ, ਸੰਗਰੂਰ : ਸ਼ਨਿੱਚਰਵਾਰ ਰਾਤ ਚੱਲੀਆਂ ਤੇਜ਼ ਹਵਾਵਾਂ ਤੇ ਬਾਰਿਸ਼ ਨੇ ਕਿਸਾਨਾਂ ਨੂੰ ਇਕ ਵਾਰ ਫਿਰ ਚਿੰਤਾ ਵਿਚ ਪਾ ਦਿੱਤਾ ਹੈ। ਪਹਿਲਾਂ ਵੱਧ ਰਹੇ ਤਾਪਮਾਨ ਨੂੰ ਲੈ ਕੇ ਕਿਸਾਨ ਫਿਕਰਮੰਦ ਸਨ ਤੇ ਹੁਣ ਬਾਰਿਸ਼ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਜਿੱਥੇ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ, ਉੱਥੇ ਕਣਕ ਦੇ ਦਾਣੇ ’ਤੇ ਵੀ ਅਸਰ ਪਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਹਲਕੀ ਬੂੰਦਾਬਾਂਦੀ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 27 ਤੇ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਰਾ ਦਿਨ ਤੇਜ਼ ਹਵਾਵਾਂ ਚਲਦੀਆਂ ਰਹੀਆਂ ਤੇ ਕਦੇ-ਕਦੇ ਹਲਕੀ ਬੂੰਦਾਬਾਂਦੀ ਵੀ ਹੁੰਦੀ ਰਹੀ। ਸ਼ਾਮ ਤਕ ਮੌਸਮ ਇਸੇ ਤਰ੍ਹਾਂ ਬਣਿਆ ਰਿਹਾ। ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਵੀ ਇਸੇ ਤਰ੍ਹਾਂ ਦੀ ਹਵਾਵਾਂ ਤੇ ਬਾਰਿਸ਼ ਆਈ ਸੀ। ਇਸ ਨਾਲ ਕਣਕ ਦੀ ਫਸਲ ਖੇਤਾਂ ਵਿਚ ਡਿੱਗ ਗਈ ਸੀ। ਹਾਲੇ ਫਸਲ ਠੀਕ ਤਰੀਕੇ ਨਾਲ ਸੰਭਲੀ ਵੀ ਨਹੀਂ ਸੀ ਕਿ ਸ਼ਨਿੱਚਰਵਾਰ ਨੂੰ ਇਕ ਵਾਰ ਫਿਰ ਕੁਦਰਤ ਨੇ ਰੰਗ ਬਦਲ ਲਿਆ ਤੇ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਗਈ। ਸੰਗਰੂਰ ਦੇ ਕਿਸਾਨ ਅਵਤਾਰ ਸਿੰਘ ਮੈਂਬਰ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਕੁਝ ਦਿਨਾਂ ਵਿਚ ਕਣਕ ਦੀ ਫ਼ਸਲ ਨੂੰ ਪਾਣੀ ਲਾਇਆ ਸੀ, ਉਨ੍ਹਾਂ ਦੀ ਫਸਲ ਤੇਜ਼ ਹਵਾਵਾਂ ਤੇ ਬਾਰਿਸ਼ ਕਾਰਨ ਜ਼ਮੀਨ ’ਤੇ ਵਿਛ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਤੇਜ਼ ਹਵਾਵਾਂ ਚੱਲੀਆਂ ਤੇ ਖੇਤਾਂ ਵਿਚ ਪਾਣੀ ਖੜ੍ਹਾ ਰਿਹਾ ਤਾਂ ਪੈਦਾਵਾਰ ਵਿਚ 4 ਤੋਂ 6 ਫੀਸਦੀ ਤਕ ਕਮੀ ਆ ਸਕਦੀ ਹੈ ਅਤੇ ਦਾਣਾ ਕਮਜ਼ੋਰ ਹੋਣ ਕਾਰਨ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਸਬਜ਼ੀਆਂ ਦੇ ਬੂਟੇ ਵੀ ਹੋਏ ਪ੍ਰਭਾਵਿਤ ਦੂਜੇ ਪਾਸੇ, ਸਬਜ਼ੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਕਿਸਾਨਾਂ ਨੇ ਖੇਤਾਂ ਵਿਚ ਕਰੇਲਾ, ਹਰੀ ਮਿਰਚ, ਪਾਲਕ, ਬੈਂਗਣ, ਸ਼ਿਮਲਾ ਮਿਰਚ, ਗਾਜਰ, ਧਨੀਆ ਆਦਿ ਬੀਜੇ ਹੋਏ ਹਨ, ਉਹ ਵੀ ਬਾਰਿਸ਼ ਕਾਰਨ ਚਿੰਤਤ ਹਨ। ਕਿਉਂਕਿ ਗਰਮੀ ਦੇ ਮੌਸਮ ਵਾਲੀਆਂ ਸਬਜ਼ੀਆਂ ਦੇ ਬੂਟੇ ਹਾਲੇ ਨਾਜ਼ੁਕ ਹਨ ਤੇ ਬਾਰਿਸ਼ ਤੇ ਹਨੇਰੀ ਕਾਰਨ ਉਨ੍ਹਾਂ ਦੀਆਂ ਜੜਾਂ ਹਿੱਲ ਗਈਆਂ ਹਨ। ਇਸ ਕਰ ਕੇ ਕਿਸਾਨ ਬੂਟਿਆਂ ਦੇ ਚਾਰੇ ਪਾਸੇ ਮਿੱਟੀ ਚੜ੍ਹਾ ਕੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਲੋੜ ਮੁਤਾਬਕ ਕੀਤੀ ਜਾਵੇ ਸਿੰਚਾਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਸਿੰਚਾਈ ਮੌਸਮ ਤੇ ਲੋੜ ਨੂੰ ਦੇਖਦੇ ਹੋਏ ਹੀ ਕਰਨ। ਉਨ੍ਹਾਂ ਕਿਹਾ ਕਿ ਫਿਲਹਾਲ ਹਲਕੀ ਬਾਰਿਸ਼ ਨਾਲ ਕਣਕ ਨੂੰ ਕਿਸੇ ਕਿਸਮ ਦਾ ਵੱਡਾ ਨੁਕਸਾਨ ਨਹੀਂ ਹੈ। ਜਿੱਥੇ ਕਿਤੇ ਥੋੜ੍ਹੀ ਬਹੁਤ ਫਸਲ ਧਰਤੀ ’ਤੇ ਵਿਛ ਗਈ ਹੈ, ਉਹ ਧੁੱਪ ਤੇ ਸਮੇਂ ਨਾਲ ਕੁਝ ਹੱਦ ਤੱਕ ਮੁੜ ਖੜ੍ਹੀ ਹੋ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ।