ਸਟ੍ਰੀਟ ਲਾਈਟ ਤੇ ਸੀਵਰੇਜ ਦੀ ਸਮੱਸਿਆ ਜਲਦ ਹੋਵੇਗੀ ਦੂਰ
ਸਟ੍ਰੀਟ ਲਾਈਟ ਅਤੇ ਸੀਵਰੇਜ ਦੀ ਸਮੱਸਿਆ ਜਲਦ ਹੋਵੇਗੀ ਦੂਰ
Publish Date: Fri, 05 Jun 2026 05:18 PM (IST)
Updated Date: Fri, 05 Jun 2026 05:20 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਲੋਕਾਂ ਦੀ ਸੀਵਰੇਜ ਅਤੇ ਸਟ੍ਰੀਟ ਲਾਈਟ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਨਿਗਮ ਨੇ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਨਗਰ ਨਿਗਮ ਵੱਲੋਂ ਹਰ ਵਾਰਡ ਵਿਚ ਇਲੈਕਟ੍ਰੀਸ਼ੀਅਨ ਅਤੇ ਸੀਵਰੇਜ ਦੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਹਰ ਵਾਰਡ ਵਿਚ ਇਹ ਕਰਮਚਾਰੀ ਹਰ ਹਫ਼ਤੇ ਵੱਖ-ਵੱਖ ਦਿਨ ਕੰਮ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਦੀ ਡਿਊਟੀ ਵਾਰਡਾਂ ਵਿੱਚ ਲਗਾਈ ਗਈ ਹੈ। ਨਿਗਮ ਦੀ ਇਸ ਪਹਿਲ ਨਾਲ ਲੋਕਾਂ ਦੀ ਸੀਵਰੇਜ ਅਤੇ ਸਟ੍ਰੀਟ ਲਾਈਟ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਵਾਰਡ ਪੱਧਰ ਤੇ ਹੀ ਹੋਵੇਗਾ। ਇੱਥੋਂ ਤੱਕ ਕਿ ਵਾਰਡ ਦੇ ਸਬੰਧਤ ਕੌਂਸਲਰ (ਪਾਰਸ਼ਦ) ਵੱਲੋਂ ਨਿਗਮ ਕਰਮਚਾਰੀਆਂ ਦੇ ਮੋਬਾਈਲ ਨੰਬਰ ਵੀ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਸਿੱਧਾ ਸੰਪਰਕ ਕਰ ਸਕਣ। -ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਨਿਗਮ ਦਾ ਪਹਿਲਾ ਕੰਮ : ਮੇਅਰ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਨਿਗਮ ਦਾ ਮੁੱਖ ਕੰਮ ਹੈ, ਇਸੇ ਲਈ ਕਰਮਚਾਰੀਆਂ ਨੂੰ ਹਰ ਵਾਰਡ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸਫ਼ਾਈ ਲਈ ਵੀ ਕਰਮਚਾਰੀਆਂ ਦੇ ਵਾਰਡ ਵੰਡੇ ਗਏ ਹਨ। ਸ਼ਿਕਾਇਤ ਕੇਂਦਰ ਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਵੀ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। -ਕੌਂਸਲਰਾਂ ਨੇ ਬਣਾਏ ਵ੍ਹਟਸਐਪ ਗਰੁੱਪ ਕੌਂਸਲਰ ਮਨੀ ਕੋਹਲੀ ਨੇ ਦੱਸਿਆ ਕਿ ਕੌਂਸਲਰਾਂ ਵੱਲੋਂ ਬਣਾਏ ਗਏ ਵਟਸਐਪ ਗਰੁੱਪਾਂ ਵਿਚ ਸ਼ਿਕਾਇਤ ਸਬੰਧਤ ਜਾਣਕਾਰੀ ਦੇ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਸ਼ਿਕਾਇਤ ਦਾ ਨਿਪਟਾਰਾ ਸਮੇਂ ਸਿਰ ਹੋ ਜਾਂਦਾ ਹੈ। ਨਿਗਮ ਦੀ ਇਸ ਪਹਿਲ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਹੋਵੇਗਾ। ਇਲਾਕੇ ਦੇ ਲੋਕਾਂ ਨੂੰ ਜੋੜ ਕੇ ਵਟਸਐਪ ਗਰੁੱਪ ਬਣਾਏ ਗਏ ਹਨ, ਜੇਕਰ ਕੋਈ ਵੀ ਵਿਅਕਤੀ ਇਸ ਗਰੁੱਪ ਵਿਚ ਜਾਣਕਾਰੀ ਦਿੰਦਾ ਹੈ ਤਾਂ ਕੌਂਸਲਰ ਤੁਰੰਤ ਐਕਸ਼ਨ ਲੈਂਦੇ ਹਨ। -ਹਰ ਹਫ਼ਤੇ ਕਰ ਰਹੇ ਨੇ ਸਮੱਸਿਆ ਦਾ ਹੱਲ : ਦਵਿੰਦਰਪਾਲ ਸਿੰਘ ਕੌਂਸਲਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਸ਼ਿਕਾਇਤ ਨਿਗਮ ਕੋਲ ਕਰਨੀ ਪੈਂਦੀ ਸੀ, ਪਰ ਹੁਣ ਸ਼ਿਕਾਇਤ ਸਿੱਧੀ ਵਾਰਡ ਦੇ ਕੌਂਸਲਰ ਨੂੰ ਕੀਤੀ ਜਾਂਦੀ ਹੈ। ਕੌਂਸਲਰ ਦੇ ਸਹਿਯੋਗ ਨਾਲ ਨਿਗਮ ਕਰਮਚਾਰੀ ਹਰ ਹਫ਼ਤੇ ਸਟ੍ਰੀਟ ਲਾਈਟ ਜਾਂ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਇਲਾਕੇ ਵਿਚ ਪਹੁੰਚ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕਦੇ ਕੋਈ ਹੋਰ ਸਮੱਸਿਆ ਆਉਂਦੀ ਹੈ, ਤਾਂ ਕੌਂਸਲਰ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਉਹ ਤੁਰੰਤ ਸਮੱਸਿਆ ਦਾ ਹੱਲ ਕਰਵਾਉਂਦੇ ਹਨ।