ਹੜਤਾਲੀ ਸਟਾਫ ਨਰਸਿਜ਼ ਵੱਲੋਂ ਸ਼ਾਂਤਮਈ ਢੰਗ ਨਾਲ ਕੀਤਾ ਰੋਸ ਮਾਰਚ
ਹੜਤਾਲੀ ਸਟਾਫ ਨਰਸਿਜ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ
Publish Date: Wed, 08 Apr 2026 04:53 PM (IST)
Updated Date: Wed, 08 Apr 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਟਾਫ ਨਰਸਿਜ਼ ਵੱਲੋਂ ਆਪਣੀ 4600 ਗ੍ਰੇਡ ਪੇ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਚੌਦਵਾਂ ਦਿਨ ਵੀ ਜਾਰੀ ਰਹੀ। ਇਹ ਹੜਤਾਲ ਪੰਜਾਬ ਦੇ ਤਿੰਨਾਂ ਸਰਕਾਰੀ ਮੈਡੀਕਲ ਕਾਲਜਾਂ, ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ, ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਏਮਸ ਮੋਹਾਲੀ ਵਿੱਚ ਸੱਤਵੇਂ ਪੇ ਸਕੇਲ ਅਧੀਨ ਭਰਤੀ ਹੋਈਆਂ ਸਟਾਫ ਨਰਸਿਜ਼ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਰਸਿੰਗ ਸਟਾਫ ਦੀ ਹੋਈ ਭਾਰੀ ਕਮੀ ਦੇ ਦੌਰਾਨ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਨਰਸਿੰਗ ਸਟਾਫ ਨੂੰ ਸਮਰਥਨ ਦੇਣ ਦੀ ਬਜਾਏ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਜੋਕਿ ਸਟਾਫ ਨਰਸਿਸ ਦੀ ਦੇਖ ਰੇਖ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਹਨ ਪਰੰਤੂ, ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ। ਸਿਹਤ ਮੰਤਰੀ ਸਾਹਿਬ ਵੀ ਅੱਜ ਤੱਕ ਇੱਕ ਵਾਰ ਵੀ ਹੜਤਾਲੀ ਨਰਸਿਜ ਦੀਆਂ ਮੰਗਾਂ ਸੁਣਨ ਜਾਂ ਉਨ੍ਹਾਂ ਨੂੰ ਹੱਲ ਦਾ ਭਰੋਸਾ ਦੇਣ ਲਈ ਮੌਕੇ ’ਤੇ ਨਹੀਂ ਪਹੁੰਚੇ। ਸਟਾਫ ਨਰਸਿਜ ਦੀ ਹੜਤਾਲ ਕਾਰਨ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਸਰਕਾਰ ਦੀਆਂ ਸਿਹਤ ਸੇਵਾਵਾਂ ਦੇ ਦਾਅਵਿਆਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਹੜਤਾਲੀ ਸਟਾਫ ਨਰਸਿਜ਼ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਰਾਜਿੰਦਰਾ ਹਸਪਤਾਲ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਂਕ ਤੱਕ ਗਿਆ। ਮਾਰਚ ਦੌਰਾਨ ਨਰਸਿੰਗ ਕੇਡਰ ਨੇ ਹੱਥਾਂ ਵਿੱਚ ਬੈਨਰ ਫੜ ਕੇ ਆਮ ਜਨਤਾ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ, ਤਾਂ ਜੋ ਉਨ੍ਹਾਂ ਦੀ ਆਵਾਜ਼ ਘਰ-ਘਰ ਤੱਕ ਪਹੁੰਚੇ। ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਸਰਦਾਰ ਰਮਨਜੀਤ ਸਿੰਘ ਗਿੱਲ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਟਾਫ ਨਰਸਿਸ ਦੀ ਮੰਗ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ।