ਸਮਸਪੁਰ ਵਿੱਚ ਮਾਇਨਿੰਗ ਵਿਵਾਦ ’ਚ ਝੜੱਪ ’ਚ ਪਰਵਾਸੀ ਮਜ਼ਦੂਰ ਜ਼ਖ਼ਮੀ
ਸਮਸਪੁਰ ਵਿੱਚ ਮਾਇਨਿੰਗ ਵਿਵਾਦ ’ਚ ਝੜੱਪ: ਪ੍ਰਵਾਸੀ ਮਜ਼ਦੂਰ ਤਲਵਾਰ ਨਾਲ ਜਖਮੀ
Publish Date: Fri, 27 Feb 2026 07:04 PM (IST)
Updated Date: Sat, 28 Feb 2026 04:05 AM (IST)

ਕਰਮਵੀਰ ਸਿੰਘ ਮਰਦਾਂਪੁਰ,ਪੰਜਾਬੀ ਜਾਗਰਣ,ਘਨੌਰ- ਪਿੰਡ ਸਮਸਪੁਰ ਵਿਖੇ 26 ਫਰਵਰੀ ਦੀ ਰਾਤ ਮਾਇਨਿੰਗ ਸਬੰਧੀ ਤਣਾਅ ਦੇ ਦੌਰਾਨ ਹੋਈ ਝੜੱਪ ਵਿੱਚ ਇੱਕ ਪਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਨੂੰ ਤੇਜ਼ਧਾਰ ਤਲਵਾਰ ਨਾਲ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਅੰਬਾਲਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਹਰਦੀਪ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਇੱਕ ਐੱਮਐੱਲਏ ਦੇ ਨਜ਼ਦੀਕੀ ਰਿਸ਼ਤੇਦਾਰ ਜੋਧੇ ਵੱਲੋਂ ਪਰਵਾਸੀ ’ਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਵੀਡਿਓ ਵਿੱਚ ਸਰਪੰਚ ਨੇ ਕਿਹਾ ਕਿ “ਮੈਂ ਆਮ ਆਦਮੀ ਪਾਰਟੀ ਦਾ ਸਰਪੰਚ ਹਾਂ, ਪਰ ਇੱਥੇ ਗੁੰਡਾਰਾਜ ਚੱਲ ਰਿਹਾ ਹੈ। ਪੁਲਿਸ ਨੇ ਵੀ ਫੋਨ ਨਹੀਂ ਚੁੱਕਿਆ, ਇਸ ਲਈ ਜ਼ਖ਼ਮੀ ਨੂੰ ਅੰਬਾਲਾ ਲਿਜਾਣਾ ਪਿਆ ਕਿਉਂਕਿ ਪੰਜਾਬ ਵਿੱਚ ਸਾਡੀ ਸੁਣਵਾਈ ਨਹੀਂ ਹੋਣੀ। ਹਾਲਾਂਕਿ 27 ਫਰਵਰੀ ਨੂੰ ਇੱਕ ਹੋਰ ਵੀਡਿਓ ਸਾਹਮਣੇ ਆਈ, ਜਿਸ ਵਿੱਚ ਸਰਪੰਚ ਹਰਦੀਪ ਸਿੰਘ ਨੇ ਆਪਣੇ ਪਹਿਲਾਂ ਦਿੱਤੇ ਬਿਆਨ ਤੋਂ ਯੂ-ਟਰਨ ਲੈਂਦਿਆਂ ਕਿਹਾ ਕਿ ਰਾਤ ਸਮੇਂ ਗਲਤਫਹਿਮੀ ਵਿੱਚ ਗੱਲ ਕਹੀ ਗਈ ਸੀ। ਉਨ੍ਹਾਂ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮਸਲਾ ਪਿੰਡ ਵਿੱਚ ਗਲਤ ਤਰੀਕੇ ਨਾਲ ਮਿੱਟੀ ਚੁੱਕਣ ਸਬੰਧੀ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਇਸ ਕਾਰਵਾਈ ਨਾਲ ਕਈ ਪਿੰਡਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮਾਮਲੇ ਨੇ ਸਿਆਸੀ ਰੂਪ ਵੀ ਧਾਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਦੋਸ਼ ਲਗਾਇਆ ਕਿ ਘਨੌਰ ਹਲਕੇ ਵਿੱਚ ਵਿਧਾਇਕ ਦੀ ਸ਼ਹਿ ’ਤੇ ਗੈਰਕਾਨੂੰਨੀ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਘਨੌਰ ਹਲਕਾ ਕਦੇ ਫਾਇਲਾਂ ਖੋਹਣ ਤੇ ਕਦੇ ਮਾਈਨਿੰਗ ਮਾਮਲਿਆਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਇਹ ਵੀ ਇਲਜਾਮ ਲਗਾਇਆ ਕਿ ਘਨੌਰ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ। ਇਸ ਸਬੰਧੀ ਗੁਰਸੇਵਕ ਸਿੰਘ ਅੰਟਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਦੂਜੇ ਪਾਸੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਵਿਰੋਧੀਆਂ ਦੇ ਦੋਸ਼ਾਂ ਅਤੇ ਸਰਪੰਚ ਦੇ ਬਿਆਨਾਂ ਦਾ ਖੰਡਨ ਕਰਦਿਆਂ ਕਿਹਾ ਕਿ ਰਾਤ ਸਮੇਂ ਬਾਹਰੀ ਵਿਅਕਤੀਆਂ ਵਿਚ ਆਪਸੀ ਲੜਾਈ ਹੋਈ ਸੀ, ਜਿਸਦਾ ਮਾਇਨਿੰਗ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਦੱਸਿਆ ਕਿ ਉਸ ਸਮੇਂ ਲੋਹਸਿੰਬਲੀ ਮੰਡੀ ਅਤੇ ਮਾਹੜੂ ਮੰਡੀ ਵਿੱਚ ਮਿੱਟੀ ਪਾਈ ਜਾ ਰਹੀ ਸੀ ਅਤੇ ਸਰਪੰਚ ਨੂੰ ਗਲਤਫਹਿਮੀ ਹੋ ਗਈ ਸੀ ਕਿ ਇਹ ਉਹੀ ਗੱਡੀ ਹੈ। ਵਿਧਾਇਕ ਨੇ ਕਿਹਾ ਕਿ ਬਿਨਾਂ ਪੂਰੀ ਜਾਣਕਾਰੀ ਪ੍ਰਾਪਤ ਕੀਤੇ ਸੱਤਾ ਧਿਰ ’ਤੇ ਬੇਬੁਨਿਆਦ ਦੋਸ਼ ਲਗਾਉਣਾ ਠੀਕ ਨਹੀਂ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ।